ਕਿਸਾਨ ਮੋਰਚੇ ਦਾ ਦਾਅਵਾ, 6 ਕਰੋੜ ਤੋਂ ਵਧੇਰੇ ਦਾ ਮਿਲਿਆ ਫੰਡ, ਪੜ੍ਹੋ ਖ਼ਰਚਿਆਂ ਦਾ ਹਿਸਾਬ-ਕਿਤਾਬ
Monday, Dec 06, 2021 - 05:33 PM (IST)
ਨਵੀਂ ਦਿੱਲੀ/ਜਲੰਧਰ: ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਹੈ ਕਿ 29 ਨਵੰਬਰ 2021 ਤੱਕ ਇਕ ਸਾਲ ਦੇ ਇਸ ਮੋਰਚੇ ਨੂੰ ਦੇਸ਼ਾਂ-ਵਿਦੇਸ਼ਾ ਤੋਂ 6 ਕਰੋੜ 35 ਲੱਖ ਤੋਂ ਵਧੇਰੇ ਦਾ ਫੰਡ ਮਿਲਿਆ ਹੈ ਜਿਸ ਵਿੱਚੋਂ 96 ਲੱਖ ਦੇ ਕਰੀਬ ਪੈਸੇ ਕਿਸਾਨ ਮੋਰਚੇ ਕੋਲ ਜਮ੍ਹਾਂ ਹਨ ਅਤੇ ਬਾਕੀ ਖ਼ਰਚ ਹੋ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਸਟੇਜ ਤੋਂ ਦੱਸਿਆ ਕਿ ਪੈਸਿਆਂ ਦਾ ਹਿਸਾਬ-ਕਿਤਾਬ ਰੱਖਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਰਵਿੰਦਰ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ ਰਾਏ,ਗੁਰਮੀਤ ਮਹਿਮਾ ਅਤੇ ਬਲਜੀਤ ਸਿੰਘ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਮਿਲ ਰਹੇ ਫੰਡ ਦਾ ਹਿਸਾਬ-ਕਿਤਾਬ ਰੱਖਣ ਲਈ ਵੱਖਰੀ ਕਮੇਟੀ ਬਣਾਈ ਗਈ ਸੀ।
ਕਿਸਾਨ ਮੋਰਚੇ ਨੇ ਖ਼ਰਚ ਹੋਏ ਪੈਸਿਆਂ ਦਾ ਹਿਸਾਬ-ਕਿਤਾਬ ਦਿੰਦਿਆਂ ਦੱਸਿਆ ਕਿ ਮੋਰਚੇ ਨੂੰ ਮਿਲੇ ਕੁੱਲ 6 ਕਰੋੜ 35 ਲੱਖ 83 ਹਜ਼ਾਰ 940 ਰੁਪਏ ਵਿੱਚੋਂ 5 ਕਰੋੜ 39 ਲੱਖ 83 ਹਜ਼ਾਰ 940 ਰੁਪਏ ਖ਼ਰਚ ਹੋ ਚੁੱਕੇ ਹਨ।ਇਨ੍ਹਾਂ ਵਿੱਚੋਂ 68 ਲੱਖ 57 ਹਜ਼ਾਰ 772 ਰੁਪਏ ਮੈਡੀਕਲ ਖ਼ਰਚਿਆਂ 'ਤੇ ਵਰਤੇ ਗਏ ਹਨ ਜਿਨ੍ਹਾਂ ਵਿੱਚ ਕਿਸੇ ਦੇ ਬੀਮਾਰ ਹੋਣ, ਦੁਰਘਟਨਾ, ਮੋਰਚੇ 'ਚ ਵਿਛੋੜਾ ਦੇ ਚੁੱਕੇ ਕਿਸਾਨ ਦੀ ਅੰਤਿਮ ਦੇਹ ਨੂੰ ਵਾਪਸ ਘਰ ਭੇਜਣ ਦੇ ਖ਼ਰਚੇ ਸ਼ਾਮਲ ਹਨ।ਪੀਣ ਵਾਲੇ ਪਾਣੇ 'ਤੇ ਕੁੱਲ 17 ਲੱਖ 95 ਹਜ਼ਾਰ 426 ਰੁਪਏ ਖ਼ਰਚ ਆਏ ਹਨ ਜਿਨ੍ਹਾਂ ਵਿੱਚ ਮੋਰਚੇ ਦੀਆਂ ਮੀਟਿੰਗਾਂ ਦੌਰਾਨ ਪਾਣੀ ਦੀ ਸੇਵਾ, ਮੋਰਚੇ 'ਚ ਸ਼ਾਮਲ ਕਿਸਾਨਾਂ ਲਈ ਪਾਣੀ ਦੀ ਸੇਵਾ, ਜਿਸ ਵਿੱਚ ਬੋਤਲਾਂ ਵਾਲਾ ਪਾਣੀ ਵੀ ਸ਼ਾਮਲ ਹੈ ਅਤੇ ਪਾਣੀ ਲਈ ਮੋਟਰਾਂ, ਟੈਂਕੀਆਂ ਦੇ ਪ੍ਰਬੰਧਾਂ ਦੇ ਖ਼ਰਚ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
ਖ਼ਰਚਿਆਂ ਬਾਰੇ ਦੱਸਦੇ ਹੋਏ ਕਿਸਾਨ ਆਗੂ ਨੇ ਮੋਰਚੇ ਦੀ ਸਟੇਜ ਤੋਂ ਦੱਸਿਆ ਕਿ ਅੰਦੋਲਨ ਦੀ ਸ਼ੁਰੂਆਤ ਵਿੱਚ ਕਿਸਾਨਾਂ ਕੋਲ ਕੋਈ ਪੱਕਾ ਰੈਣ ਬਸੇਰਾ ਨਹੀਂ ਸੀ। ਕਿਸਾਨ ਵੀਰ ਟਰਾਲੀਆਂ ਵਿੱਚ ਰਹਿੰਦੇ ਸਨ ਅਤੇ ਮੌਸਮ ਦੀ ਮਾਰ ਤੋਂ ਬਚਾਅ ਲਈ ਤਰਪਾਲਾਂ ਦੀ ਬਹੁਤ ਲੋੜ ਸੀ।ਬੇਸ਼ੱਕ ਬਹੁਤ ਸਾਰੀਆਂ ਸੰਸਥਾਵਾਂ ਨੇ ਦਾਨ ਵਿੱਚ ਵੀ ਤਰਪਾਲਾਂ ਭੇਜੀਆਂ ਸਨ ਪਰ ਮੋਰਚੇ ਨੇ ਆਪਣੇ ਪੱਧਰ 'ਤੇ ਵੀ ਪ੍ਰਬੰਧ ਕੀਤੇ। ਇਸੇ ਤਰ੍ਹਾਂ ਮੋਰਚੇ 'ਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਡਿਊਟੀਆਂ 'ਤੇ ਤਾਇਨਾਤ ਕਿਸਾਨ ਇੱਕ-ਦੂਜੇ ਨਾਲ ਸੰਪਰਕ ਵਿੱਚ ਰਹਿਣ, ਇਸ ਲਈ ਕੈਮਰੇ ਅਤੇ ਵਾਕੀ-ਟਾਕੀ ਦਾ ਪ੍ਰਬੰਧ ਕੀਤਾ ਗਿਆ।ਪੁਰਾਣੇ ਪੱਖਿਆਂ ਦੀ ਮੁਰੰਮਤ ਅਤੇ ਨਵੇਂ ਪੱਖੇ ਖ਼ਰੀਦੇ ਗਏ।ਕੁਰਸੀਆਂ, ਫਲੈਕਸ ਅਤੇ ਕੂਲਰਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਸਾਰੇ ਕੰਮਾਂ ਲਈ 38 ਲੱਖ 37 ਹਜ਼ਾਰ 307 ਰੁਪਏ ਖ਼ਰਚ ਹੋਏ।
ਕਿਸਾਨ ਮੋਰਚਾ ਕਈ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜਿਸ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਬੀਮਾਰੀ ਤੋਂ ਬਚਿਆ ਜਾ ਸਕੇ।ਵੇਸਟਜ਼ ਦੀ ਸੰਭਾਲ ਅਤੇ ਸਮੁੱਚੇ ਸਫ਼ਾਈ ਪ੍ਰਬੰਧਾਂ ਲਈ ਮੋਰਚੇ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਜਿਨ੍ਹਾਂ 'ਤੇ 32 ਲੱਖ ਤੋਂ ਵਧੇਰੇ ਰੁਪਏ ਖ਼ਰਚ ਹੋਏ ਹਨ। ਜਦੋਂ ਕਿਸੇ ਜਥੇਬੰਦੀ ਨੇ ਲੰਗਰ ਲਾਏ ਤਾਂ ਉਨ੍ਹਾਂ ਦੇ ਰਹਿਣ ਲਈ ਬਹੁਤ ਸਾਰੇ ਟੈਂਟਾਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਜੋ ਇਸੇ ਰਕਮ ’ਚੋਂ ਹੀ ਅਦਾ ਕੀਤੇ ਜਾਂਦੇ ਸਨ। 51 ਲੱਖ ਦੇ ਕਰੀਬ ਟੈਂਟਾਂ ਦਾ ਖ਼ਰਚ ਆਇਆ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਦਾ ਵੱਡਾ ਖ਼ੁਲਾਸਾ, ਭਾਜਪਾ 'ਚ ਜਾਣ ਤੋਂ ਪਹਿਲਾਂ ਸਿਰਸਾ ਨੇ ਫੋਨ 'ਤੇ ਕਹੀ ਸੀ ਇਹ ਗੱਲ
ਕਿਸਾਨ ਆਗੂ ਨੇ ਕਿਹਾ ਕਿ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਮੋਰਚਾ ਕਿੰਨਾ ਚਿਰ ਚੱਲੇਗਾ, ਜਿਸ ਕਰਕੇ ਮੀਂਹ ਦੇ ਮੌਸਮ ਤੋਂ ਬਚਣ ਲਈ ਵਾਟਰ ਪਰੂਫ਼ ਪੰਡਾਲ ਲਗਾਏ ਗਏ ਸਨ। ਪਹਿਲਾਂ ਇਹ ਪੰਡਾਲ ਕਿਰਾਏ ’ਤੇ ਲਏ ਗਏ ਸਨ ਪਰ ਬਾਅਦ ’ਚ ਇਸ ਨੂੰ ਪੱਕਾ ਕੀਤਾ ਗਿਆ। 19 ਲੱਖ 28 ਹਜ਼ਾਰ ਰੁਪਏ ਪੰਡਾਲ ਦੇ ਪ੍ਰਬੰਧਾਂ ਲਈ ਕਿਰਾਏ ਦੇ ਰੂਪ ’ਚ ਦਿੱਤੇ ਅਤੇ ਜੋ ਟਿਕਰੀ ਤੇ ਸਿੰਘੂ ਬਾਰਡਰ ’ਤੇ ਸ਼ੈਂਡ ਬਣਾਏ ਗਏ ਉਨ੍ਹਾਂ 'ਤੇ ਕਰੀਬ 45 ਲੱਖ ਰੁਪਏ ਖ਼ਰਚ ਹੋਇਆ ।
ਇਹ ਵੀ ਪੜ੍ਹੋ: ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਪ੍ਰੇਸ਼ਾਨ ਕਰ ਦੇਣਗੇ ਏਡਜ਼ ਦੇ ਮਰੀਜ਼ਾਂ ਦੇ ਅੰਕੜੇ
ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਮੋਰਚੇ ਦੀ ਜਾਸੂਸੀ ਕਰਨ ਆਉਂਦੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਕਿਸਾਨਾਂ ਨੇ ਆਪਣਾ ਇਕ ਅਲੱਗ ਤੋਂ ਪੇਜ਼ ਬਣਾਇਆ ਜਿਸ ’ਤੇ ਉਹ ਆਪਣੀਆਂ ਗੱਲਾਂ ਰੱਖਦੇ ਹਨ। ਮੋਰਚੇ ਦੇ ਪ੍ਰਚਾਰ ਲਈ ‘ਕਿਸਾਨ ਏਕਤਾ ਮੋਰਚਾ’ ਪੇਜ਼ ਬਣਾਇਆ ਗਿਆ ਪਰ ਇਸਦਾ ਖ਼ਰਚਾ ਕੁਝ ਵੀਰਾਂ ਨੇ ਨਿੱਜੀ ਤੌਰ 'ਤੇ ਕੀਤਾ ਸੀ। ਕਿਸਾਨਾਂ ਵੱਲੋਂ ਆਪਣਾ ਆਈ. ਟੀ. ਸੈੱਲ ਬਣਾਇਆ ਗਿਆ ਅਤੇ ਵੈਬੀਨਾਰ, ਇੰਟਰਨੈੱਟ ਖ਼ਰਚੇ ਆਦਿ ਕਿਸਾਨ ਮੋਰਚੇ ਵਲੋਂ ਹੀ ਕੀਤੇ ਗਏ ਜਿਸ 'ਤੇ 36 ਲੱਖ 82 ਹਜ਼ਾਰ ਰੁਪਏ ਖਰਚਾ ਆਇਆ। ਇਸ ਪੂਰੇ ਸਿਸਟਮ ਨੂੰ ਚਲਾਉਣ ਲਈ 29 ਲੱਖ ਦੇ ਪੈਕੇਜ ਖ਼ਰੀਦਣੇ ਪਏ ਜਿਸ ਨਾਲ ਮੋਰਚੇ ਦਾ ਪ੍ਰਚਾਰ ਕੀਤਾ ਗਿਆ।
ਸਾਊਂਡ, ਲਾਇਟ, ਸਟੇਜ ਦਾ ਖ਼ਰਚਾ
ਜਦੋਂ ਮੋਰਚੇ ਦੀ ਸ਼ੁਰੂਆਤ ਹੋਈ ਤਾਂ ਲਾਇਟ ਅਤੇ ਸਾਊਂਡ, ਸਟੇਜ ਆਦਿ ਦਾ ਪ੍ਰਬੰਧ ਨੇੜੇ ਤੱਕ ਹੀ ਸੀ ਪਰ ਜਿਵੇਂ-ਜਿਵੇਂ ਮੋਰਚਾ ਵਧਦਾ ਗਿਆ ਤਾਂ ਇਨ੍ਹਾਂ ਦੇ ਇੰਤਜ਼ਾਮ ਕਾਫ਼ੀ ਅੱਗੇ ਤੱਕ ਕਰਨੇ ਪਏ। ਕਈ ਸਾਊਂਡ ਸਿਸਟਮ ਤਾਂ ਪਹਿਲਾਂ ਹਰਿਆਣੇ ਦੇ ਕਿਸਾਨ ਵੀਰਾਂ ਨੇ ਥੋੜ੍ਹੇ ਦਿਨ ਲਈ ਦੇ ਦਿੱਤੇ ਸਨ ਪਰ ਜਿਵੇਂ-ਜਿਵੇਂ ਚੁਣੌਤੀਆਂ ਵਧਦੀਆਂ ਗਈਆਂ ਤਾਂ ਕੈਲੀਫੋਰਨੀਆ ਦੀ ਸੰਸਥਾ ਨੇ ਇਸਦਾ ਪ੍ਰਬੰਧ ਕਰ ਦਿੱਤਾ ਜਿਸ ਦਾ ਹਿਸਾਬ 6 ਕਰੋੜ ਵਾਲੀ ਰਕਮ ਤੋਂ ਬਾਹਰ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸਾਊਂਡ, ਲਾਇਟ, ਸਟੇਜ ਆਦਿ ਸਭ ਚਲਾਉਣ ਲਈ ਜਾਂ ਕੋਈ ਖ਼ਰਾਬੀ ਸਹੀ ਕਰਨ ਲਈ ਕਿਸਾਨ ਮੋਰਚੇ ਵੱਲੋਂ ਸੇਵਾਦਾਰ ਵੀ ਰੱਖੇ ਹੋਏ ਹਨ। ਇਸ ਸਭ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਕੁੱਲ ਖ਼ਰਚਾ 81 ਲੱਖ 47 ਹਜ਼ਾਰ ਆਇਆ। ਕਿਸਾਨ ਮੋਰਚੇ ਨੇ ਦੱਸਿਆ ਕਿ ਬਾਕੀ ਹੋਰ ਨਿੱਕੇ ਮੋਟੇ ਜੋ ਖ਼ਰਚੇ ਹਨ ਆਉਣ ਵਾਲੇ ਸਮੇਂ ’ਚ ਜਨਤਕ ਕਰ ਦਿੱਤੇ ਜਾਣਗੇ। ਇਨ੍ਹਾਂ ਖ਼ਰਚਿਆਂ ਤੋਂ ਬਾਅਦ ਅਜੇ ਵੀ ਕਿਸਾਨ ਮੋਰਚੇ ਕੋਲ 96 ਲੱਖ ਰੁਪਏ ਬਚੇ ਹਨ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਮੋਦੀ ਸਰਕਾਰ ਹੋਰ ਲੰਮਾ ਸਮਾਂ ਟੱਕਰ ਲੈਣਾ ਚਾਹੁੰਦੀ ਹੈ ਤਾਂ ਮੋਰਚਾ ਇਸ ਟੱਕਰ ਦਾ ਜਵਾਬ ਦੇਣ ਲਈ ਤਿਆਰ ਹੈ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?