ਚੰਡੀਗੜ੍ਹ 'ਚ ਕਿਸਾਨਾਂ ਦੀ 'ਮਹਾਂਪੰਚਾਇਤ' ਅੱਜ, ਕਾਲੇ ਕਾਨੂੰਨਾਂ ਖ਼ਿਲਾਫ਼ ਕੇਂਦਰ ਨੂੰ ਭੇਜਿਆ ਜਾਵੇਗਾ ਸਿੱਧਾ ਸੁਨੇਹਾ
Saturday, Feb 20, 2021 - 11:59 AM (IST)
ਚੰਡੀਗੜ੍ਹ : ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂ. ਪੀ. 'ਚ ਕਿਸਾਨ ਮਹਾਂਪੰਚਾਇਤ ਹੋਣ ਮਗਰੋਂ 20 ਫਰਵਰੀ ਮਤਲਬ ਕਿ ਅੱਜ ਚੰਡੀਗੜ੍ਹ 'ਚ ਵੀ ਕਿਸਾਨਾਂ ਦੀ ਮਹਾਂਪੰਚਾਇਤ ਹੋਣ ਜਾ ਰਹੀ ਹੈ। ਕਿਸਾਨਾਂ ਦੀ ਇਹ ਮਹਾਂਪੰਚਾਇਤ ਸੈਕਟਰ-25 ਦੇ ਰੈਲੀ ਗਰਾਊਂਡ ਵਿਖੇ ਹੋਵੇਗੀ। ਮਹਾਂਪੰਚਾਇਤ ਦੁਪਹਿਰ 2 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 'ਸਕੂਲਾਂ' 'ਤੇ ਸਖ਼ਤ ਹੋਇਆ ਸਿੱਖਿਆ ਮਹਿਕਮਾ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਇਸ ਮਹਾਂਪੰਚਾਇਤ 'ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂਨੀ ਸ਼ਿਰਕਤ ਕਰ ਸਕਦੇ ਹਨ। ਚੰਡੀਗੜ੍ਹ ਦੇ ਲੋਕਾਂ ਵੱਲੋਂ ਰੋਜ਼ਾਨਾ ਚੌਂਕਾਂ ਅਤੇ ਲਾਈਟਾਂ 'ਤੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ, ਇਸ ਲਈ ਅੱਜ ਦੀ ਕਿਸਾਨ ਮਹਾਂਪੰਚਾਇਤ ਦੇ ਮਾਧਿਅਮ ਨਾਲ ਸਿੱਧਾ ਕੇਂਦਰ ਨੂੰ ਸੁਨੇਹਾ ਭੇਜਿਆ ਜਾਵੇਗਾ, ਜਿਸ 'ਚ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਪੰਜਾਬ-ਹਰਿਆਣਾ ਦੇ ਲੋਕ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿੱਥੇ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਜ਼ਿੱਦ 'ਤੇ ਅੜੀ ਹੋਈ ਹੈ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਉਹ ਘਰਾਂ ਨੂੰ ਵਾਪਸੀ ਨਹੀਂ ਕਰਨਗੇ।
ਨੋਟ : ਅੱਜ ਚੰਡੀਗੜ੍ਹ 'ਚ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਬਾਰੇ ਦਿਓ ਆਪਣੀ ਰਾਏ