ਕਿਸਾਨ ਅੰਦੋਲਨ-2: ਖਨੌਰੀ ਬਾਰਡਰ ''ਤੇ ਧਰਨੇ ''ਤੇ ਬੈਠੇ ਕਿਸਾਨਾਂ ਨੂੰ ਦੁੱਧ ਦੀ ਸੇਵਾ ਨਿਰੰਤਰ ਜਾਰੀ: ਔਲਖ

Saturday, Jul 13, 2024 - 08:18 PM (IST)

ਕਿਸਾਨ ਅੰਦੋਲਨ-2: ਖਨੌਰੀ ਬਾਰਡਰ ''ਤੇ ਧਰਨੇ ''ਤੇ ਬੈਠੇ ਕਿਸਾਨਾਂ ਨੂੰ ਦੁੱਧ ਦੀ ਸੇਵਾ ਨਿਰੰਤਰ ਜਾਰੀ: ਔਲਖ

ਜੈਤੋ, (ਰਘੂਨੰਦਨ ਪਰਾਸ਼ਰ)- ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨ ਆਪਣੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਧਰਨੇ 'ਤੇ ਹਨ। ਚਾਰ ਥਾਵਾਂ ਖਨੌਰੀ, ਸ਼ੰਭੂ, ਡੱਬਵਾਲੀ, ਰਤਨਪੁਰ (ਸੰਗਰੀਆ) ਬਾਰਡਰ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। 

ਅੱਜ ਧਰਨੇ ਨੂੰ 152 ਦਿਨ ਹੋ ਗਏ ਹਨ ਅਤੇ ਕਿਸਾਨਾਂ ਲਈ ਲੰਗਰ ਅਤੇ ਦੁੱਧ ਦੀ ਸੇਵਾ ਨਿਰੰਤਰ ਜਾਰੀ ਹੈ। ਹਰ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਲਗਾਤਾਰ ਪਿੰਡਾਂ ਦੇ ਸਹਿਯੋਗ ਨਾਲ ਸਿਰਸਾ ਤੋਂ ਖਨੌਰੀ ਬਾਰਡਰ ਤੇ ਦੁੱਧ ਦੀ ਸੇਵਾ ਭੇਜ ਰਹੀ ਹੈ। ਇਸੇ ਲੜੀ ਤਹਿਤ ਸ਼ਨੀਵਾਰ ਨੂੰ ਕਿਸਾਨ ਪੂਰਨ ਚੰਦ ਉਰਫ ਬਲਰਾਮ ਸਹਾਰਨ, ਵਿਨੋਦ, ਦਲੀਪ ਸਹਾਰਨ, ਅਭਿਮਨਿਊ ਸਹਾਰਨ, ਭਰਤ ਸਿੰਘ ਸਹਾਰਨ, ਮਨੀਸ਼ ਕਾਸਨੀਆ, ਮੋਹਨ ਲਾਲ ਸਹਾਰਨ, ਪ੍ਰਦੀਪ ਕਾਸਨੀਆ, ਪੂਰਨ ਨਾਇਕ, ਧਰਮਵੀਰ ਸਾਹੂ, ਸੰਦੀਪ ਕਾਸਨੀਆ, ਮਹਾਵੀਰ ਕਾਂਤੇਵਾਲ, ਜਗਦੀਸ਼ ਚੰਦਰ, ਬਲਵਾਨ ਬੈਣੀਵਾਲ, ਸੰਦੀਪ ਸਹਾਰਨ ਅਤੇ ਸਮੂਹ ਲੰਗਰ ਕਮੇਟੀ ਸ਼ੱਕਰ ਮੰਦੋਰੀ ਪਿੰਡ ਵੱਲੋਂ ਦੁੱਧ ਦੀ ਸੇਵਾ ਭੇਜੀ ਗਈ। 

ਔਲਖ ਨੇ ਦੱਸਿਆ ਕਿ ਦਿੱਲੀ ਬਾਰਡਰ 'ਤੇ 378 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ-1 'ਚ ਪਿੰਡ ਸ਼ੱਕਰ ਮੰਦੋਰੀ ਦੀ ਲੰਗਰ ਕਮੇਟੀ ਦਾ ਵੱਡਾ ਯੋਗਦਾਨ ਸੀ, ਇਸ ਪਿੰਡ ਦੀ ਲੰਗਰ ਕਮੇਟੀ ਵੱਲੋਂ ਟਿੱਕਰੀ ਬਾਰਡਰ 'ਤੇ ਕਿੰਨੂ ਦੇ ਜੂਸ ਦਾ ਲੰਗਰ ਲਗਾਇਆ ਗਿਆ ਸੀ। ਬਲਰਾਮ ਸਹਾਰਨ ਅਤੇ ਸਮੁੱਚੀ ਲੰਗਰ ਕਮੇਟੀ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਲਈ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਹੈ। ਇਹ ਲੰਗਰ ਕਮੇਟੀ 378 ਦਿਨਾਂ ਤੱਕ ਟਿੱਕਰੀ ਸਰਹੱਦ 'ਤੇ ਡਟੀ ਰਹੀ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਹੋ ਗਏ। 

ਲੰਗਰ ਕਮੇਟੀ ਦੀ ਤਰਫੋਂ ਬਲਰਾਮ ਸਹਾਰਨ ਕਿਸਾਨ-ਮਜ਼ਦੂਰਾਂ ਦੇ ਸੰਘਰਸ਼ ਵਿੱਚ ਲਖੀਮਪੁਰ ਖੀਰੀ, ਮੁਜ਼ੱਫਰਨਗਰ, ਪਿੱਪਲੀ ਸਮੇਤ ਹਰ ਥਾਂ ਪਹੁੰਚ ਹਨ। ਖਨੌਰੀ ਬਾਰਡਰ ਤੋਂ ਬਿਆਨ ਜਾਰੀ ਕਰਦਿਆਂ ਔਲਖ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਸੜਕਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ, ਜਿਸ 'ਤੇ ਦੋਵਾਂ ਮੋਰਚਿਆਂ ਦੀ ਮੀਟਿੰਗ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ  (ਗੈਰ-ਸਿਆਸੀ) ਭਲਕੇ 14 ਜੁਲਾਈ ਨੂੰ ਖਣੋਰੀ ਬਾਰਡਰ 'ਤੇ ਰੱਖੀ ਗਈ ਹੈ। 

ਔਲਖ ਨੇ ਦੱਸਿਆ ਕਿ ਕਿਸਾਨਾਂ ਨੇ ਬਾਰਡਰਾਂ ਤੇ ਖੜ੍ਹੇ ਟਰੈਕਟਰ-ਟਰਾਲੀਆਂ ਦਾ ਤੇਲ ਪਾਣੀ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਟਰਾਲੀਆਂ ਦੀਆਂ ਤਰਪਾਲਾਂ ਵੀ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਹਨ, ਜਿਵੇਂ ਹੀ ਰਸਤੇ ਖੁੱਲ੍ਹਣਗੇ ਅਤੇ ਦੋਵੇਂ ਮੋਰਚਿਆਂ ਦਾ ਐਲਾਨ ਹੋਵੇਗਾ, ਕਿਸਾਨ ਦਿੱਲੀ ਵੱਲ ਵਧਣਗੇ।


author

Rakesh

Content Editor

Related News