ਕਿਰਤੀ ਕਿਸਾਨ ਯੂਨੀਅਨ ਨੇ ਘੇਰਿਆ ਚੰਦ ਪੁਰਾਣਾ ਦਾ ਟੋਲ ਪਲਾਜ਼ਾ, ਕੀਤੀ ਇਹ ਮੰਗ
Saturday, Jun 17, 2023 - 11:21 AM (IST)

ਬਾਘਾ ਪੁਰਾਣਾ (ਚਟਾਨੀ) : ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਵੱਲੋਂ ਪਿੰਡ ਰਾਜਿਆਣਾ ਦੇ ਪੀੜਤ ਕਿਸਾਨ ਹਿੰਮਤ ਸਿੰਘ ਰਾਜਿਆਣਾ ਨੂੰ ਮੁਆਵਜ਼ਾ ਦਿਵਾਉਣ ਦੇ ਸਬੰਧ ਵਿਚ ਚੰਦ ਪੁਰਾਣਾ ਟੋਲ ਪਲਾਜ਼ਾ ਘੇਰਿਆ, ਜਿਸ ਦੀ ਅਗਵਾਈ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ ਅਤੇ ਬਲਾਕ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਕੀਤੀ। ਇਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਨੇ ਆਖਿਆ ਕਿ ਪੀੜਤ ਕਿਸਾਨ ਹਿੰਮਤ ਸਿੰਘ ਰਾਜਿਆਣਾ ਟੋਲ ਪਲਾਜ਼ਾ ਅਤੇ ਵਣ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਵੱਲੋਂ ਪਿੰਡ ਰਾਜਿਆਣਾ ਅਤੇ ਰੋਡੇ ਕਾਲਜ ਦੇ ਵਿਚਕਾਰ ਦੋ ਦਰੱਖਤਾਂ ਦੀ ਪੁਟਾਈ ਕੀਤੀ ਗਈ ਸੀ, ਜਿਸ ਦੀ ਮਿੱਟੀ ਮੇਨ ਰੋਡ ਉੱਪਰ ਜੋ ਚਿੱਟੀ ਪੱਟੀ ਹੁੰਦੀ ਹੈ, ਉਸ ਤੋਂ ਵੀ ਦੂਸਰੇ ਪਾਸੇ ਸੁੱਟੀ ਗਈ ਸੀ, ਜਿਸ ਵਿਚ ਪੀੜਤ ਕਿਸਾਨ ਹਿੰਮਤ ਸਿੰਘ ਦਾ ਮੋਟਰਸਾਈਕਲ ਮਿੱਟੀ ਦੀ ਢੇਰੀ ਉੱਪਰ ਚੜ੍ਹ ਗਿਆ ਅਤੇ ਹਿੰਮਤ ਸਿੰਘ ਟੋਏ ਵਿਚ ਡਿੱਗ ਪਿਆ ਅਤੇ ਉਸ ਦੇ ਧੌਣ ਦੇ ਮਣਕੇ ਫਰੈਕਚਰ ਹੋ ਗਏ ਅਤੇ ਉਹ ਕਿਸਾਨ ਹਿੰਮਤ ਸਿੰਘ ਬਿਲਕੁੱਲ ਨਕਾਰਾ ਹੋ ਗਿਆ ਅਤੇ ਕੰਮ ਕਰਨ ਅਤੇ ਚੱਲਣ ਫਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ।
ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਟੋਲ ਪਲਾਜ਼ਾ ਦੇ ਅਧਿਕਾਰੀਆ ਵੱਲੋਂ ਸਵੇਰੇ 10 ਵਜੇ ਕੀਤੀ ਗੁੰਡਾਗਰਦੀ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪੀੜਤ ਕਿਸਾਨ ਹਿੰਮਤ ਸਿੰਘ ਨੂੰ ਜਲਦ ਮੁਆਵਜ਼ਾ ਨਾ ਮਿਲਿਆ ਜਾਂ ਇਲਾਜ ਨਾ ਕਰਵਾਇਆ ਤਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਦਿਨ-ਰਾਤ ਚੱਲੇਗਾ। ਇਸ ਦੌਰਾਨ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਔਰਤ ਵਿੰਗ ਦੇ ਜਗਵਿੰਦਰ ਕੌਰ ਰਾਜਿਆਣਾ, ਪ੍ਰਿੰਸੀਪਲ ਮਨਜੀਤ ਸਿੰਘ ਰਾਜਿਆਣਾ, ਯੂਥ ਵਿੰਗ ਦੇ ਬਲਕਰਨ ਸਿੰਘ ਵੈਰੋਕੇ, ਅੰਗਰੇਜ਼ ਸਿੰਘ ਚੜਿੱਕ, ਗੁਰਮੇਲ ਸਿੰਘ ਚੜਿੱਕ ਨੇ ਸੰਬੋਧਨ ਕੀਤਾ।
ਚੱਲਦੇ ਧਰਨੇ ਦੌਰਾਨ ਮੌਕੇ ’ਤੇ ਸਿਵਲ ਪ੍ਰਸ਼ਾਸਨ ਵੱਲੋਂ ਨੈਬ ਤਹਿਸੀਲਦਾਰ ਚਰਨਜੀਤ ਸਿੰਘ ਚੰਨੀ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਐੱਸ. ਐੱਚ. ਓ. ਜਸਵਰਿੰਦਰ ਸਿੰਘ ਬਾਘਾ ਪੁਰਾਣਾ ਨੇ ਕਿਰਤੀ ਕਿਸਾਨ ਯੂਨੀਅਨ ਅਤੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ, ਜੋ ਗੱਲਬਾਤ ਦੌਰਾਨ ਸਿਵਲ ਪ੍ਰਸ਼ਾਸਨ ਨੇ ਲਿਖਤੀ ਰੂਪ ਵਿਚ ਪੱਤਰ ਦਿੱਤਾ, ਜੋ 10 ਦਿਨ ਦਾ ਸਮਾਂ 26/6/2023 ਤੱਕ ਦਾ ਸਮਾਂ ਮੰਗਿਆ ਅਤੇ ਪੀੜਤ ਕਿਸਾਨ ਨੂੰ ਮੁਆਵਜ਼ਾ ਦੇਣ ਦਾ ਲਿਖਤੀ ਅਤੇ ਲੱਗੇ ਧਰਨੇ ਵਿਚ ਸਟੇਜ ਉਪਰ ਮਾਇਕ ’ਤੇ ਭਰੋਸਾ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ, ਮੀਤ ਪ੍ਰਧਾਨ ਮੋਹਲਾ ਸਿੰਘ, ਰਤਨ ਸਿੰਘ ਲੰਡੇ, ਬਲਵਿੰਦਰ ਸਿੰਘ ਛੋਟਾਘਰ, ਅਮਰੀਕ ਸਿੰਘ, ਅੰਗਰੇਜ ਸਿੰਘ ਕੋਟਲਾ, ਸਰਬਪ੍ਰੀਤ ਸਿੰਘ, ਜਗਰੂਪ ਸਿੰਘ ਲੰਗੇਆਣਾ, ਕੁਲਵੰਤ ਸਿੰਘ, ਮੋਹਲਾ ਸਿੰਘ, ਕਾਲਾ ਸਿੰਘ, ਅਮਨਾ, ਹਰਮਨ, ਸੋਨਾ, ਮੱਖਣ ਸਿੰਘ, ਬਲਦੇਵ ਸਿੰਘ, ਹਰਨੇਕ ਮੈਂਬਰ, ਅਮਰਜੀਤ ਸਿੰਘ, ਜਸਵੀਰ ਸਿੰਘ, ਰੂਪ ਸਿੰਘ ਰਾਜਿਆਣਾ, ਨਿਰਮਲ ਸਿੰਘ ਬਲਜੀਤ ਕੌਰ ਨੱਥੂਵਾਲਾ, ਜੁਗਿੰਦਰ ਕੌਰ, ਕਿਰਨਦੀਪ ਕੌਰ, ਮਨਜੀਤ ਕੌਰ ਲੰਗੇਆਣਾ, ਮਨਜੀਤ ਕੌਰ, ਪੰਮਾਂ ਰਾਣੀ, ਰਛਪਾਲ ਕੌਰ, ਜਸਮੀਨ, ਏਕਨੂਰ, ਬਲਦੇਵ ਕੌਰ ਆਦਿ ਹਾਜ਼ਰ ਸਨ।