ਪ੍ਰੋ. ਬਡੂੰਗਰ ਦੀ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਨਵੰਬਰ 1984 ਦੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਅਰਦਾਸ ਕੀਤੀ ਜਾਵੇ
Wednesday, Nov 01, 2017 - 06:39 AM (IST)

ਫ਼ਤਿਹਗੜ੍ਹ ਸਾਹਿਬ(ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਅਨੁਸਾਰ 1 ਨਵੰਬਰ 2017 ਨੂੰ ਨਵੰਬਰ 1984 'ਚ ਕਾਂਗਰਸ ਪਾਰਟੀ ਤੇ ਸਰਕਾਰ ਦੇ ਅਸਹਿ ਤੇ ਅਕਹਿ ਜਬਰ-ਜ਼ੁਲਮ ਦੇ ਸ਼ਿਕਾਰ ਹੋਏ ਸਮੂਹ ਸ਼ਹੀਦਾਂ ਨੂੰ ਅਰਦਾਸ ਰਾਹੀਂ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਯਾਦ ਕਰਵਾਉਣ ਦੀ ਲੋੜ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖਾਸਕਰ ਦਿੱਲੀ ਵਿਖੇ 1984 'ਚ ਤਕਰੀਬਨ ਸਾਰੇ ਨਵੰਬਰ ਮਹੀਨੇ ਦੌਰਾਨ ਅਣਗਿਣਤ ਸਿੰਘਾਂ, ਸਿੰਘਣੀਆਂ ਤੇ ਭੁਚੰਗੀਆਂ ਦੇ ਗਲਾਂ 'ਚ ਟਾਇਰ ਪਾ ਕੇ ਉਨ੍ਹਾਂ ਨੂੰ ਸਾੜਿਆ ਗਿਆ ਤੇ ਸ਼ਹੀਦ ਕੀਤਾ ਗਿਆ। ਇਸ ਢਾਹੇ ਗਏ ਜ਼ੁਲਮ ਨਾਲ ਬਾਬਰ, ਨਾਦਰ ਅਤੇ ਅਬਦਾਲੀ ਦੇ ਜ਼ੁਲਮਾਂ ਨੂੰ ਵੀ ਮਾਤ ਦਿੱਤੀ ਗਈ। ਪ੍ਰੋ. ਬਡੂੰਗਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 33 ਸਾਲ ਬੀਤ ਜਾਣ ਦੇ ਬਾਅਦ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਕਿਸੇ ਵੀ ਦੋਸ਼ੀ ਨੂੰ ਅਜੇ ਤਕ ਸਜ਼ਾ ਨਹੀਂ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਸੰਤਾ ਸਿੰਘ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਾਜ਼ਰ ਸਨ।