ਹੁਣ ਆਲਮੀ ਪੱਧਰ ''ਤੇ ਵਿਕੇਗਾ ਫਾਜ਼ਿਲਕਾ ਜ਼ਿਲ੍ਹੇ ਦਾ ''ਕਿੰਨੂ''

Saturday, Nov 21, 2020 - 01:47 PM (IST)

ਹੁਣ ਆਲਮੀ ਪੱਧਰ ''ਤੇ ਵਿਕੇਗਾ ਫਾਜ਼ਿਲਕਾ ਜ਼ਿਲ੍ਹੇ ਦਾ ''ਕਿੰਨੂ''

ਫਾਜ਼ਿਲਕਾ (ਰਹੇਜਾ): ਸਰਕਾਰ ਦੀ ਇਕ ਜ਼ਿਲ੍ਹਾ ਇਕ ਉਤਪਾਦ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਲੋਂ ਕੌਮਾਂਤਰੀ ਬਜ਼ਾਰਾਂ ਵਿਚ ਭੇਜਣ ਲਈ ਜ਼ਿਲ੍ਹੇ ਦੇ ਉਤਪਾਦ ਵਜੋਂ ਕਿੰਨੂ ਨੂੰ ਚੁਣਿਆ ਗਿਆ ਹੈ। ਇਸ ਤਹਿਤ ਹੁਣ ਫਾਜ਼ਿਲਕਾ ਜ਼ਿਲ੍ਹੇ ਦੇ ਕਿੰਨੂ ਨੂੰ ਵਿਸ਼ਵ ਮੰਡੀ ਵਿਚ ਪੁੱਜਦਾ ਕਰਨ ਲਈ ਯੋਜਨਾਬੰਦੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਅੱਜ ਇਕ ਬੈਠਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਭਾਰਤ ਸਰਕਾਰ ਦੇ ਵਿਦੇਸ਼ ਵਪਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋਵੱਡੀ ਖ਼ਬਰ: ਬੇਅਦਬੀ ਮਾਮਲੇ 'ਚ ਮੁਲਜ਼ਮ ਦੇ ਪਿਤਾ ਡੇਰਾ ਪ੍ਰੇਮੀ ਨੂੰ ਕਿਸੇ ਨੇ ਮਾਰੀ ਗੋਲੀ

ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ 'ਚ 33 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਜ਼ਿਲ੍ਹੇ ਦੀ ਮਿੱਟੀ ਦੁਨੀਆ ਦਾ ਸ਼੍ਰੇਸਠ ਕਿੰਨੂ ਪੈਦਾ ਕਰਦੀ ਹੈ। ਇਸ ਦੇ ਨਿਰਯਾਤ ਦੀਆਂ ਅਪਾਰ ਸੰਭਾਵਨਾਵਾਂ ਹਨ ਜਦ ਕਿ ਦੇਸ਼ ਦੀ ਵੱਡੀ ਮਾਰਕਿਟ ਵੀ ਇਸ ਪੌਸ਼ਕ ਤੱਤਾਂ ਨਾਲ ਭਰਪੂਰ ਫ਼ਲ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਹੁਣ ਇਸ ਫ਼ਲ ਦੇ ਨਿਰਯਾਤ ਅਤੇ ਦੇਸ਼ ਅੰਦਰਲੀਆਂ ਦੂਰ-ਦੁਰਾਡੇ ਦੀਆਂ ਮੰਡੀਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਉਪਰਾਲੇ ਆਰੰਭੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਇਕ ਸੈਮੀਨਾਰ ਕਰਵਾ ਕੇ ਫ਼ਲ ਦੇ ਨਿਰਯਾਤ ਸਬੰਧੀ ਸਿਖਲਾਈ ਬਾਗਬਾਨਾਂ ਅਤੇ ਵਪਾਰੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਲੋਕ ਨਿਰਯਾਤ ਸਬੰਧੀ ਕਾਨੂੰਨੀ ਅਤੇ ਵਪਾਰਕ ਪੇਚੀਦਗੀਆਂ ਸਿੱਖ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋਭਾਖੜਾ ਨਹਿਰ 'ਚ ਨੌਜਵਾਨ ਨੇ ਮਾਰੀ ਛਾਲ, ਬਚਾਉਣ ਆਇਆ ਭਰਾ ਵੀ ਰੁੜਿਆ

ਭਾਰਤ ਸਰਕਾਰ ਦੇ ਨੁਮਾਇੰਦੇ ਸ: ਨਵਦੀਪ ਸਿੰਘ ਨੇ ਕਿਹਾ ਕਿ ਮੱਧ ਏਸ਼ੀਆ, ਦੱਖਣ ਪੂਰਬੀ ਏਸ਼ੀਆ ਵਿਚ ਸਾਡੇ ਕਿੰਨੂ ਦੀ ਬਹੁਤ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦੇ ਨਿਰਯਾਤ ਦੀਆਂ ਅੜਚਨਾਂ ਨੂੰ ਦੂਰ ਕਰਨ ਵਿਚ ਮਦਦ ਕਰੇਗੀ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਤਜਿੰਦਰ ਸਿੰਘ ਨੇ ਦੱਸਿਆ ਕਿ ਕਿੰਨੂ ਇਕ ਉਤਮ ਫ਼ਲ ਹੈ ਜਿਸ ਵਿਚ ਮਨੁੱਖ ਵਲੋਂ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਧਾਉਣ ਵਾਲਾ ਵਿਟਾਮਿਨ ਸੀ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਬਿਨਾਂ ਇਸ 'ਚ ਹੋਰ ਵੀ ਅਨੇਕਾਂ ਪੋਸ਼ਕ ਤੱਤ ਹਨ। ਜੀ.ਐੱਮ. ਡੀ.ਆਈ.ਸੀ. ਸੁਮਨ ਕੁਮਾਰੀ ਨੇ ਦੱਸਿਆ ਕਿ ਕਿੰਨੂ ਦੇ ਨਿਰਯਾਤ ਦੇ ਨਾਲ-ਨਾਲ ਜ਼ਿਲ੍ਹੇ ਵਿਚ ਬਾਸਮਤੀ ਦੇ ਨਿਰਯਾਤ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਬਾਗਬਾਨ ਅਤੇ ਕਿੰਨੂ ਨਿਰਯਾਤਕ ਸੁਰਿੰਦਰ ਚਰਾਇਆ ਨੇ ਬਾਗਬਾਨਾਂ ਦੀਆਂ ਜਰੂਰਤਾਂ ਸਾਂਝੀਆਂ ਕੀਤੀਆਂ ਤਾਂ ਜੋ ਹੋਰ ਜ਼ਿਆਦਾ ਕਿੰਨੂ ਨਿਰਯਾਤ ਹੋ ਸਕੇ।


author

Shyna

Content Editor

Related News