ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ ਕਾਰਨ ਮੌਤ

Tuesday, Nov 17, 2026 - 12:49 PM (IST)

ਖੂਨੀ ਡੋਰ ਨੇ ਲਈ ਇਕ ਹੋਰ ਜਾਨ, ਵਧਾਈ ਮੰਗ ਕੇ ਘਰ ਪਰਤ ਰਹੇ ਭੰਡ ਦੀ ਗਲਾ ਕੱਟਣ ਕਾਰਨ ਮੌਤ

ਤਰਨਤਾਰਨ(ਰਮਨ)- ਪਾਬੰਦੀਸ਼ੁਦਾ ਚਾਈਨਾ ਡੋਰ ਇਕ ਵਾਰ ਫਿਰ ਮਨੁੱਖੀ ਜਾਨ ਲਈ ਕਾਲ ਬਣ ਕੇ ਸਾਹਮਣੇ ਆਈ ਹੈ। ਜ਼ਿਲਾ ਤਰਨਤਾਰਨ ਵਿਚ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਚਾਈਨਾ ਡੋਰ ਕਾਰਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਧਾਈ ਮੰਗਣ ਤੋਂ ਬਾਅਦ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਘਰ ਪਰਤ ਰਹੇ ਭੰਡ ਦੇ ਗਲੇ ’ਚ ਸੂਏ ਨੇੜੇ ਅਚਾਨਕ ਖੂਨੀ ਚਾਈਨਾ ਡੋਰ ਫਿਰ ਗਈ। ਇਸ ਕਾਰਨ ਉਸ ਦਾ ਗਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਪਹਿਲਾਂ ਦਿੱਤੀ ਲਿਫ਼ਟ, ਫ਼ਿਰ ਮਾਰ'ਤੀ ਗੋਲ਼ੀ ! CCTV ਫੁਟੇਜ ਨੇ ਖੋਲ੍ਹੇ ਵੱਡੇ ਰਾਜ਼

ਹਰਬੰਸ ਸਿੰਘ ਪੁੱਤਰ ਜੁਗਲਾਲ ਸਿੰਘ ਵਾਸੀ ਚੋਹਲਾ ਸਾਹਿਬ ਨੇ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 14 ਨਵੰਬਰ ਨੂੰ ਉਹ ਅਤੇ ਉਸਦਾ ਬੇਟਾ ਪ੍ਰਤਾਪ ਸਿੰਘ (41) ਜੋ ਭੰਡ ਹੋਣ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਵਧਾਈ ਮੰਗ ਕੇ ਵਾਪਸ ਘਰ ਪਰਤ ਰਹੇ ਸਨ। ਜਦੋਂ ਉਹ ਕਸਬਾ ਚੋਹਲਾ ਸਾਹਿਬ ਦੇ ਸੂਏ ਨਜ਼ਦੀਕ ਪੁੱਜੇ ਤਾਂ ਅਚਾਨਕ ਚਾਈਨਾ ਡੋਰ ਉਸਦੇ ਬੇਟੇ ਪ੍ਰਤਾਪ ਸਿੰਘ ਦੇ ਗਲੇ ਵਿਚ ਜਾਂ ਫਿਰੀ, ਜਿਸ ਦੇ ਚੱਲਦਿਆਂ ਉਸ ਦਾ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦੋਵੇਂ ਡਿੱਗ ਪਏ।

ਇਹ ਵੀ ਪੜ੍ਹੋ-ਪੰਜਾਬ: ਕੇਂਦਰੀ ਜੇਲ੍ਹ ਦੀ ਸੁਰੱਖਿਆ ’ਚ ਤਾਇਨਾਤ ASI ਅਫ਼ੀਮ ਸਮੇਤ ਗ੍ਰਿਫ਼ਤਾਰ

ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਉੱਠ ਕੇ ਆਪਣੇ ਬੇਟੇ ਨੂੰ ਜਦੋਂ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਗਲੇ ਵਿਚੋਂ ਕਾਫੀ ਜ਼ਿਆਦਾ ਖੂਨ ਵਗ ਰਿਹਾ ਸੀ। ਜਿਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਤੁਰੰਤ ਤਰਨਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਬੀਤੇ ਕੱਲ੍ਹ ਰਾਤ ਕਰੀਬ 8 ਵਜੇ ਉਸਦੇ ਬੇਟੇ ਪ੍ਰਤਾਪ ਸਿੰਘ ਦੀ ਮੌਤ ਹੋ ਗਈ। ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਦੇ ਤਿੰਨ ਬੱਚੇ ਹਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਸ਼ਰੇਆਮ ਚਾਈਨਾ ਡੋਰ ਦੀ ਹੋ ਰਹੀ ਵਰਤੋਂ ਨੂੰ ਤੁਰੰਤ ਰੋਕਣ ਸਬੰਧੀ ਜਿੱਥੇ ਮੰਗ ਕੀਤੀ ਹੈ, ਉਥੇ ਹੀ ਇਸ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ

ਇਸ ਦਰਦਨਾਕ ਘਟਨਾ ਨੇ ਇਕ ਵਾਰ ਫਿਰ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਚਾਈਨਾ ਡੋਰ ਦੀ ਵਿਕਰੀ, ਸਟੋਰੇਜ ਅਤੇ ਵਰਤੋਂ ਉਪਰ ਲਗਾਈਆਂ ਪਾਬੰਦੀਆਂ ਦੇ ਅਮਲ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਸਮੇਂ-ਸਮੇਂ ਉਪਰ ਚਾਈਨਾ ਡੋਰ ਦੀ ਵਿਕਰੀ ਅਤੇ ਸਟੋਰੇਜ ਉਪਰ ਪਾਬੰਦੀ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਅਜਿਹੀ ਖ਼ਤਰਨਾਕ ਡੋਰ ਦੀ ਵਰਤੋਂ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬੀਓ ਕੱਢ ਲਓ ਰਜਾਈਆਂ ਤੇ ਕੰਬਲ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਇਥੇ ਇਹ ਵੀ ਦੱਸਣਯੋਗ ਹੈ ਕਿ ਚਾਈਨਾ ਡੋਰ ਨਾ ਸਿਰਫ਼ ਮਨੁੱਖਾਂ ਸਗੋਂ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਹਰ ਸਾਲ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਇਸ ਖ਼ਤਰਨਾਕ ਡੋਰ ਨਾਲ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਦੇ ਬਾਵਜੂਦ ਇਸ ਦੀ ਗੈਰ-ਕਾਨੂੰਨੀ ਵਿਕਰੀ ਅਤੇ ਵਰਤੋਂ ਨੂੰ ਪੂਰੀ ਤਰ੍ਹਾਂ ਰੋਕਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਸ ਖ਼ਤਰਨਾਕ ਡੋਰ ਉਪਰ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ ਤਾਂ ਇਹ ਬਾਜ਼ਾਰਾਂ ਅਤੇ ਲੋਕਾਂ ਤੱਕ ਕਿਵੇਂ ਪਹੁੰਚ ਰਹੀ ਹੈ? ਕੀ ਪ੍ਰਸ਼ਾਸਨ ਕਿਸੇ ਹੋਰ ਬੇਕਸੂਰ ਦੀ ਜਾਨ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਫਿਰ ਇਸ ਖੂਨੀ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ?

ਪਾਬੰਦੀ ਸਿਰਫ਼ ਕਾਗਜ਼ਾਂ ਤੱਕ ਸੀਮਿਤ? ਚਾਈਨਾ ਡੋਰ ਦੀ ਸਪਲਾਈ ਉਪਰ ਕੌਣ ਲਗਾਏਗਾ ਰੋਕ

ਜ਼ਿਲਾ ਮੈਜਿਸਟ੍ਰੇਟ ਵੱਲੋਂ ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਵਰਤੋਂ ਉਪਰ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਾਹਮਣੇ ਆਉਣਾ ਪ੍ਰਸ਼ਾਸਨਿਕ ਕਾਰਗੁਜ਼ਾਰੀ ਉਪਰ ਸਵਾਲ ਖੜ੍ਹੇ ਕਰਦਾ ਹੈ। ਲੋੜ ਹੈ ਕਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਸਾਂਝੀਆਂ ਟੀਮਾਂ ਬਣਾ ਕੇ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ, ਗੋਦਾਮਾਂ ਅਤੇ ਗੈਰ-ਕਾਨੂੰਨੀ ਸਪਲਾਈ ਕਰਨ ਵਾਲਿਆਂ ਦੀ ਜਾਂਚ ਕਰੇ। ਪਾਬੰਦੀਸ਼ੁਦਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

ਪਤੰਗਬਾਜ਼ੀ ਦਾ ਸ਼ੌਂਕ ਕਿਸੇ ਪਰਿਵਾਰ ਲਈ ਨਾ ਬਣੇ ਉਮਰ ਭਰ ਦਾ ਦੁੱਖ

ਪਤੰਗਬਾਜ਼ੀ ਬੱਚਿਆਂ ਅਤੇ ਨੌਜਵਾਨਾਂ ਦਾ ਪਸੰਦੀਦਾ ਸ਼ੌਂਕ ਹੈ, ਪਰ ਕੁਝ ਲੋਕਾਂ ਵੱਲੋਂ ਪਤੰਗਾਂ ਦੇ ਪੇਚ ਜਿੱਤਣ ਲਈ ਵਰਤੀ ਜਾਣ ਵਾਲੀ ਖ਼ਤਰਨਾਕ ਡੋਰ ਕਿਸੇ ਬੇਕਸੂਰ ਦੀ ਜ਼ਿੰਦਗੀ ਖੋਹ ਸਕਦੀ ਹੈ। ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਅਤੇ ਇਸ ਦੀ ਵਰਤੋਂ ਤੋਂ ਰੋਕਣ। ਪਤੰਗ ਉਡਾਉਣ ਲਈ ਸੁਰੱਖਿਅਤ ਸੂਤੀ ਡੋਰ ਦੀ ਵਰਤੋਂ ਕੀਤੀ ਜਾਵੇ।

ਦੋ ਪਹੀਆ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ, ਗਲੇ ਉਪਰ ਸਿੱਧਾ ਵਾਰ ਕਰਦੀ ਹੈ ਡੋਰ

ਚਾਈਨਾ ਡੋਰ ਸਭ ਤੋਂ ਵੱਧ ਖ਼ਤਰਨਾਕ ਮੋਟਰਸਾਈਕਲ ਅਤੇ ਸਕੂਟਰ ਸਵਾਰਾਂ ਲਈ ਸਾਬਤ ਹੋ ਸਕਦੀ ਹੈ। ਸੜਕ ਉਪਰ ਅਚਾਨਕ ਸਾਹਮਣੇ ਆਉਣ ਵਾਲੀ ਬਾਰੀਕ ਡੋਰ ਦੂਰੋਂ ਦਿਖਾਈ ਨਹੀਂ ਦਿੰਦੀ ਅਤੇ ਗਲੇ ਜਾਂ ਚਿਹਰੇ ਨਾਲ ਟਕਰਾਉਣ ਉਪਰ ਗੰਭੀਰ ਸੱਟ ਪਹੁੰਚਾ ਸਕਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਪਤੰਗਬਾਜ਼ੀ ਵਾਲੇ ਇਲਾਕਿਆਂ ਵਿਚ ਵਾਹਨ ਸਾਵਧਾਨੀ ਨਾਲ ਚਲਾਉਣ ਅਤੇ ਹੈਲਮੇਟ ਦੀ ਵਰਤੋਂ ਕਰਨ। ਡੋਰ ਨਾਲ ਗਲੇ ਉਪਰ ਡੂੰਘਾ ਜ਼ਖ਼ਮ ਹੋਣ ਦੀ ਸੂਰਤ ਵਿਚ ਤੁਰੰਤ ਐਮਰਜੈਂਸੀ ਮੈਡੀਕਲ ਸਹਾਇਤਾ ਲਈ ਜਾਵੇ।

ਇਕ ਮੌਤ ਤੋਂ ਬਾਅਦ ਜਾਗੇਗਾ ਪ੍ਰਸ਼ਾਸਨ ਜਾਂ ਹੋਰ ਹਾਦਸਿਆਂ ਦਾ ਕਰੇਗਾ ਇੰਤਜ਼ਾਰ?

ਤਰਨਤਾਰਨ ਜ਼ਿਲੇ ਵਿਚ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸਾਹਮਣੇ ਆਈ ਇਸ ਜਾਨਲੇਵਾ ਘਟਨਾ ਤੋਂ ਬਾਅਦ ਲੋੜ ਹੈ ਕਿ ਜ਼ਿਲਾ ਪ੍ਰਸ਼ਾਸਨ ਵਿਸ਼ੇਸ਼ ਮੁਹਿੰਮ ਚਲਾਵੇ। ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ, ਡੋਰ ਵੇਚਣ ਵਾਲਿਆਂ ਦੀ ਜਾਂਚ ਕੀਤੀ ਜਾਵੇ ਅਤੇ ਗੈਰ-ਕਾਨੂੰਨੀ ਵਿਕਰੀ ਦੀ ਸੂਚਨਾ ਦੇਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਦੇ ਨਾਲ ਹੀ ਪੁਲਸ ਵੱਲੋਂ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਿਕਰੀ ਵਰਤੋਂ ਅਤੇ ਸਟਾਕ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਜਾਂਦੀ ਸੀ ਅਤੇ ਹੁਣ ਵੀ ਸਖਤੀ ਨਾਲ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜੇ ਕਿਸੇ ਨੂੰ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਗੁਪਤ ਤੌਰ ਉਪਰ ਪੁਲਸ ਨੂੰ ਸੂਚਨਾ ਦੇ ਸਕਦਾ ਹੈ। ਜਿਸ ਵਿਚ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਸਕੂਲਾਂ, ਕਾਲਜਾਂ ਅਤੇ ਆਮ ਲੋਕਾਂ ਵਿਚ ਜਾਗਰੂਕਤਾ ਲਈ ਪ੍ਰੋਗਰਾਮ ਕਰਵਾਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News