ਸਾਈਬਰ ਠੱਗਾਂ ਨੇ 2 ਸਾਲਾਂ ’ਚ ਬਠਿੰਡਾ ਵਾਸੀਆਂ ਦੇ ਖ਼ਾਤਿਆਂ ’ਚੋਂ 21 ਕਰੋੜ ਉਡਾਏ
Tuesday, Nov 17, 2026 - 11:09 AM (IST)
ਬਠਿੰਡਾ (ਸੁਖਵਿੰਦਰ) : ਡਿਜ਼ੀਟਲ ਯੁੱਗ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਇਹ ਆਪਣੇ ਨਾਲ ਨਵੀਆਂ ਸਮੱਸਿਆਵਾਂ ਵੀ ਲੈ ਕੇ ਆਇਆ ਹੈ, ਜਿਨ੍ਹਾਂ ਦੇ ਨਤੀਜੇ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ। ਸਾਈਬਰ ਧੋਖਾਦੋਹੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਾਈਬਰ ਧੋਖਾਦੇਹੀ ਕਰਨ ਵਾਲੇ ਲੋਕਾਂ ਦੇ ਖ਼ਾਤਿਆਂ ’ਚੋਂ ਕਰੋੜਾਂ ਰੁਪਏ ਹੇਰਾਫੇਰੀ ਕਰ ਰਹੇ ਹਨ। ਹਰ ਰੋਜ਼ ਸਾਈਬਰ ਧੋਖਾਦੇਹੀ ਕਰਨ ਵਾਲੇ ਲੋਕਾਂ ਦੇ ਬੈਂਕ ਖ਼ਾਤਿਆਂ ਵਿਚੋਂ ਹੇਰਾਫੇਰੀ ਕਰਨ ਲਈ ਨਵੇਂ ਤਰੀਕੇ ਲੱਭ ਰਹੇ ਹਨ। ਇਨ੍ਹਾਂ ਸਾਈਬਰ ਠੱਗਾਂ ਦੇ ਜ਼ਿਆਦਾਤਰ ਸ਼ਿਕਾਰ ਭੋਲੇ ਭਾਲੇ ਵਿਅਕਤੀ ਹੁੰਦੇ ਹਨ, ਜੋ ਆਸਾਨੀ ਨਾਲ ਇਨ੍ਹਾਂ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਦੀਆਂ ਚਾਲਾਂ ਵਿਚ ਫਸ ਜਾਂਦੇ ਹਨ। ਬਠਿੰਡਾ ਪੁਲਸ ਨੂੰ ਲਗਾਤਾਰ ਸਾਈਬਰ ਧੋਖਾਧੜੀ ਦੇ ਮਾਮਲੇ ਮਿਲ ਰਹੇ ਹਨ, ਜਿਸ ’ਚ ਲੋਕਾਂ ਦੇ ਖਾਤਿਆਂ ਵਿਚੋਂ ਕਰੋੜਾਂ ਰੁਪਏ ਹੇਰਾਫੇਰੀ ਕੀਤੇ ਗਏ ਹਨ।
ਸਮਾਜਿਕ ਕਾਰਕੁੰਨ ਸੰਜੀਵ ਗੋਇਲ ਵੱਲੋਂ ਆਰ. ਟੀ. ਆਈ. ਐਕਟ ਤਹਿਤ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਨੇ 2025 ਤੋਂ 2026 ਦੇ ਵਿਚਕਾਰ ਲੋਕਾਂ ਦੇ ਖਾਤਿਆਂ ਤੋਂ 21 ਕਰੋੜ ਰੁਪਏ ਤੋਂ ਵੱਧ ਦੀ ਰਕਮ ਕੱਢਵਾਈ। ਜਾਣਕਾਰੀ ਅਨੁਸਾਰ ਬਠਿੰਡਾ ਪੁਲਸ ਨੂੰ ਲਗਭਗ ਦੋ ਸਾਲਾਂ ’ਚ ਸਾਈਬਰ ਧੋਖਾਦੇਹੀ ਦੀਆਂ 4,934 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਵਿਚ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਨੇ ਲੋਕਾਂ ਦੇ ਖ਼ਾਤਿਆਂ ਤੋਂ 21,31,67,610.55 ਰੁਪਏ (21 ਕਰੋੜ ਰੁਪਏ ਤੋਂ ਵੱਧ) ਕੱਢਵਾਏ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸ਼ਿਕਾਇਤਾਂ ’ਚ ਪੁਲਸ ਧੋਖਾਦੇਹੀ ਕਰਨ ਵਾਲਿਆਂ ਤੋਂ ਪੈਸੇ ਵਸੂਲਣ ਦੇ ਯੋਗ ਹੋ ਗਈ ਪਰ 3,513 ਸ਼ਿਕਾਇਤਾਂ ਅਜੇ ਵੀ ਲੰਬਿਤ ਹਨ। 2025 ਵਿਚ, ਸਾਈਬਰ ਧੋਖਾਦੇਹੀ ਕਰਨ ਵਾਲਿਆਂ ਨੇ ਬਠਿੰਡਾ ਵਾਸੀਆਂ ਦੇ ਖ਼ਾਤਿਆਂ ਤੋਂ 10,43,87,104.68 ਰੁਪਏ ਕਢਵਾਏ। ਇਸ ਸਬੰਧ ’ਚ ਪੁਲਸ ਨੇ ਕੁੱਲ 2,395 ਸ਼ਿਕਾਇਤਾਂ ਦਰਜ ਕੀਤੀਆਂ, ਜਿਨ੍ਹਾਂ ਵਿਚੋਂ 1,667 ਅਜੇ ਵੀ ਲੰਬਿਤ ਹਨ। 2026 ਵਿਚ ਬਠਿੰਡਾ ਪੁਲਸ ਨੂੰ ਪ੍ਰਾਪਤ ਹੋਈਆਂ ਸਾਈਬਰ ਧੋਖਾਦੇਹੀ ਦੀਆਂ ਸ਼ਿਕਾਇਤਾਂ ਦੀ ਕੁੱਲ ਰਕਮ 10,878,505.87 ਹੈ, ਜਿਸ ਵਿਚ ਪੁਲਸ ਨੇ ਸਾਈਬਰ ਧੋਖਾਦੇਹੀ ਕਰਨ ਵਾਲਿਆਂ ਖ਼ਿਲਾਫ਼ 2,539 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਸ਼ਿਕਾਇਤਾਂ ਵਿਚੋਂ 1,846 ਲੰਬਿਤ ਹਨ।
