4 ਮਹੀਨੇ ਦੇ ਬੱਚੇ ਨੂੰ ਕੀਤਾ ਅਗਵਾ ਕਰਨ ਦਾ ਯਤਨ, ਮੁਹੱਲੇ ਦੇ ਲੋਕਾਂ ਨੇ ਛਿੱਤਰ-ਪਰੇਡ ਕਰ ਕੇ ਕੀਤਾ ਪੁਲਸ ਹਵਾਲੇ

Wednesday, Dec 20, 2017 - 06:19 AM (IST)

4 ਮਹੀਨੇ ਦੇ ਬੱਚੇ ਨੂੰ ਕੀਤਾ ਅਗਵਾ ਕਰਨ ਦਾ ਯਤਨ, ਮੁਹੱਲੇ ਦੇ ਲੋਕਾਂ ਨੇ ਛਿੱਤਰ-ਪਰੇਡ ਕਰ ਕੇ ਕੀਤਾ ਪੁਲਸ ਹਵਾਲੇ

ਲੁਧਿਆਣਾ(ਰਿਸ਼ੀ)-ਗਣੇਸ਼ ਨਗਰ ਇਲਾਕੇ 'ਚ ਵਿਹੜੇ 'ਚ ਖੇਡ ਰਹੇ 4 ਮਹੀਨੇ ਦੇ ਬੱਚੇ ਨੂੰ ਇਕ 35 ਸਾਲਾ ਵਿਅਕਤੀ ਨੇ ਅਗਵਾ ਕਰ ਕੇ ਲਿਜਾਣ ਦਾ ਯਤਨ ਕੀਤਾ। ਮਾਂ ਵੱਲੋਂ ਰੌਲਾ ਪਾਉਣ 'ਤੇ ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਫੜ ਕੇ ਪਹਿਲਾਂ ਛਿੱਤਰ ਪਰੇਡ ਕੀਤੀ ਤੇ ਬਾਅਦ 'ਚ ਪੁਲਸ ਹਵਾਲੇ ਕਰ ਦਿੱਤਾ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਕੇਸ ਦੀ ਜਾਂਚ ਕਰ ਰਹੀ ਸੀ।
ਥਾਣਾ ਡਵੀਜ਼ਨ ਨੰ.6 ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੋਲਡੀ ਨੇ ਦੱਸਿਆ ਕਿ ਉਸ ਦਾ 4 ਮਹੀਨੇ ਦਾ ਬੇਟਾ ਅੰਕਿਤ ਹੈ। ਮੰਗਲਵਾਰ ਸ਼ਾਮ ਨੂੰ ਮੁਹੱਲੇ ਦਾ ਰਹਿਣ ਵਾਲਾ ਇਕ ਵਿਅਕਤੀ ਉਨ੍ਹਾਂ ਦੇ ਵਿਹੜੇ 'ਚ ਆਇਆ ਅਤੇ ਅੱਧੇ ਘੰਟੇ ਤੱਕ ਬੱਚੇ ਨੂੰ ਖਿਡਾਉਂਦਾ ਰਿਹਾ। ਉਸ ਸਮੇਂ ਉਸ ਦੀ ਪਤਨੀ ਰੰਜਨਾ ਘਰ ਦਾ ਕੰਮ ਕਰ ਰਹੀ ਸੀ। ਉਸੇ ਸਮੇਂ ਅਚਾਨਕ ਉਹ ਬੱਚੇ ਨੂੰ ਗੋਦ ਵਿਚ ਚੁੱਕ ਕੇ ਬਾਹਰ ਵੱਲ ਭੱਜਾ। ਸ਼ੱਕ ਹੋਣ 'ਤੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਹ ਬੱਚੇ ਨੂੰ ਲੈ ਕੇ ਭੱਜ ਰਿਹਾ ਸੀ। ਰੌਲਾ ਪਾਉਣ 'ਤੇ ਇਕੱਠੇ ਹੋਏ ਲੋਕਾਂ ਨੇ ਬੱਚੇ ਨੂੰ ਉਸ ਤੋਂ ਵਾਪਸ ਲੈ ਕੇ ਉਸ ਦੀ ਛਿੱਤਰ-ਪਰੇਡ ਕਰ ਕੇ ਪੁਲਸ ਦੇ ਹਵਾਲੇ ਕੀਤਾ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਨੂੰ ਲੋਕਾਂ ਨੇ ਪੁਲਸ ਦੇ ਹਵਾਲੇ ਕੀਤਾ ਹੈ, ਉਹ ਮਾਨਸਕ ਤੌਰ 'ਤੇ ਠੀਕ ਨਹੀਂ ਹੈ। ਪੁਲਸ ਜਾਂਚ ਕਰ ਰਹੀ ਹੈ।


Related News