ਵਿਰਸੇ ਤੇ ਕੁਦਰਤ ਦਾ ਕਲਾਕਾਰ ਖੁਸ਼ਪ੍ਰੀਤ ਸਿੰਘ ਕਾਉਣੀ ਤਾਲਾਬੰਦੀ ਦੇ ਸਦਉਪਯੋਗ ਦੀ ਬਣਿਆ ਮਿਸਾਲ
Wednesday, May 27, 2020 - 04:01 PM (IST)
ਕਲਾ ਕੁਦਰਤ ਦੀ ਦੇਣ ਹੈ। ਕੁਦਰਤ ਦੀ ਮਿਹਰਬਾਨੀ ਹੈ ਕਲਾ। ਸਖਤ ਮਿਹਨਤ ਅਤੇ ਲਗਨ ਨਾਲ ਇਸ ਨੂੰ ਨਿਖਾਰਨਾ ਅਤੇ ਤਰਾਸ਼ਣਾ ਇਨਸਾਨ ਦਾ ਫਰਜ਼ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਹਰ ਬੱਚੇ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ। ਜੇਕਰ ਸਹੀ ਸਮੇਂ 'ਤੇ ਉਸ ਕਲਾ ਦਾ ਸਹੀ ਪਾਰਖੂ ਉਸਤਾਦ ਮਿਲ ਜਾਵੇ ਤਾਂ ਕਲਾ ਉਡਾਰੀਆਂ ਭਰਨ ਲੱਗਦੀ ਹੈ ਅਤੇ ਨਹੀਂ ਤਾਂ ਇਸ ਦਾ ਦਮ ਘੁੱਟਦਿਆਂ ਦੇਰ ਨਹੀਂ ਲੱਗਦੀ।
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਕਾਉਣੀ ਵਿਖੇ ਮਾਤਾ ਗੁਰਜੀਤ ਕੌਰ ਅਤੇ ਪਿਤਾ ਸ. ਜਸਪਾਲ ਦੇ ਘਰ ਜਨਮੇ ਖੁਸ਼ਪ੍ਰੀਤ ਸਿੰਘ ਅੰਦਰ ਛੁਪੇ ਕਲਾ ਦੇ ਅਥਾਹ ਖਜ਼ਾਨੇ ਨੂੰ ਉਸਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸ. ਉਰਮਨਦੀਪ ਸਿੰਘ ਨੇ ਨਾਂ ਸਿਰਫ ਪਹਿਚਾਣਿਆਂ ਸਗੋਂ ਉਸ ਨੂੰ ਤਰਾਸ਼ਿਆ ਅਤੇ ਸ਼ਿੰਗਾਰਿਆ ਵੀ। ਖੁਦ ਕੁਦਰਤ ਵੱਲੋਂ ਕਈ ਕੋਮਲ ਕਲਾਵਾਂ ਨਾਲ ਵਰੋਸਾਏ ਉਰਮਨਦੀਪ ਸਿੰਘ ਦੇ ਇਸ ਸ਼ਾਗਿਰਦ ਨੂੰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਕੁਦਰਤ ਨਾਲ ਅੰਤਾਂ ਦਾ ਮੋਹ ਹੈ। ਪੰਜਾਬੀ ਵਿਰਸੇ ਅਤੇ ਸਭਿਆਚਾਰ ਨਾਲ ਉਸਦੇ ਲਗਾਅ ਦੀ ਗਵਾਹੀ ਉਸ ਦੀਆਂ ਕਲਾ ਕ੍ਰਿਤਾਂ ਭਰਦੀਆਂ ਹਨ।
ਖੁਸ਼ਪ੍ਰੀਤ ਅੱਜਕੱਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਣੀ ਵਿਖੇ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ। ਆਪਣੇ ਪ੍ਰਾਇਮਰੀ ਅਧਿਆਪਕ ਤੋਂ ਗ੍ਰਹਿਣ ਕੀਤੀ ਅੱਖਰਕਾਰੀ (ਕੈਲੀਗ੍ਰਾਫੀ) ਦੀ ਕਲਾ ਦਾ ਉਸ ਨੇ ਤਾਲਾਬੰਦੀ ਦੌਰਾਨ ਅਜਿਹੇ ਸੁਚੱਜੇ ਤਰੀਕੇ ਨਾਲ ਇਸਤੇਮਾਲ ਕੀਤਾ ਕਿ ਹੋਰਨਾਂ ਵਿਦਿਆਰਥੀਆਂ ਲਈ ਮਿਸਾਲ ਬਣ ਗਿਆ। ਤਾਲਾਬੰਦੀ ਦੌਰਾਨ ਉਸ ਨੇ ਚਾਰ ਘੰਟੇ ਸੰਤਾਲੀ ਮਿੰਟ ਦੀ ਸਖਤ ਮੁਸ਼ੱਕਤ ਉਪਰੰਤ ਚੌਲਾਂ ਦੇ ਦੋ ਹਜ਼ਾਰ ਸੱਤ ਸੌ ਚੁਰਾਸੀ ਦਾਣਿਆਂ ਦਾ ਇਸਤੇਮਾਲ ਕਰਦਿਆਂ ਗੁਰਮੁਖੀ ਪੈਂਤੀ ਦੀ ਸੁੰਦਰ ਲਿਖਾਈ ਕੀਤੀ ਹੈ। ਉਸ ਦੀ ਇਹ ਕ੍ਰਿਤ ਜਿੱਥੇ ਸਮੇਂ ਦੇ ਸਦਉਪਯੋਗ ਦਾ ਸੰਦੇਸ਼ ਦਿੰਦੀ ਹੈ, ਉੱਥੇ ਹੀ ਲਗਾਤਾਰ ਪੰਜਾਬੀ ਬੋਲੀ ਤੋਂ ਦੂਰ ਜਾ ਰਹੀ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਨਾ ਸ੍ਰੋਤ ਵੀ ਹੈ। ਉਸ ਵੱਲੋਂ ਚੌਲਾਂ ਦੇ ਦਾਣਿਆਂ ਨਾਲ ਕੀਤੀ ਪੈਂਤੀ ਅੱਖਰੀ ਦੀ ਸੁੰਦਰ ਅੱਖਰਕਾਰੀ ਖੂਬ ਚਰਚਾ ਵਿੱਚ ਹੈ।
ਬਚਪਨ ਤੋਂ ਹੀ ਸੂਖਮ ਕਲਾਵਾਂ ਨਾਲ ਅੰਤਾਂ ਦਾ ਮੋਹ ਰੱਖਣ ਵਾਲਾ ਖੁਸ਼ਪ੍ਰੀਤ ਅੱਖਰਕਾਰੀ ਤੋਂ ਬਿਨਾਂ ਪੇਂਟਿੰਗ, ਮਿੱਟੀ, ਪਲਾਈ ਅਤੇ ਥਰਮੋਕੋਲ ਤੋਂ ਪੁਰਾਤਨ ਘਰਾਂ ਦੇ ਮਾਡਲ ਅਤੇ ਪੁਰਾਤਨ ਸਮਿਆਂ ਦੀਆਂ ਵਸਤਾਂ ਦਾ ਵੀ ਕਲਾਕਾਰ ਹੈ। ਉਹ ਪਲਾਈ ਅਤੇ ਥਰਮੋਕੋਲ ਨਾਲ ਪੁਰਾਤਨ ਹਵੇਲੀਆਂ ਅਤੇ ਪੇਂਡੂ ਘਰਾਂ ਦੇ ਦਿਲਕਸ਼ ਮਾਡਲ ਬਣਾ ਚੁੱਕਿਆ ਹੈ। ਘਰਾਂ ਦੇ ਮਾਡਲ ਬਣਾਉਂਦਿਆਂ ਉਹ ਘਰਾਂ ਵਿੱਚ ਮੌਜੂਦ ਹੋਣ ਵਾਲੀਆਂ ਹਰ ਛੋਟੀਆਂ ਵੱਡੀਆਂ ਵਸਤਾਂ ਤੋਂ ਲੈ ਕੇ ਪੁਰਾਤਨ ਸਮਿਆਂ ਵਿੱਚ ਕੰਧਾਂ 'ਤੇ ਕੀਤੀ ਜਾਣ ਵਾਲੀ ਚਿੱਤਰਕਾਰੀ ਨੂੰ ਵੀ ਆਪਣੀ ਕਲਾ ਦੇ ਕਲਾਵੇ ਵਿਚ ਲੈ ਕੇ ਮਾਡਲ ਨੂੰ ਅਸਲੀਅਤ ਦੇ ਬਹੁਤ ਨੇੜੇ ਲੈ ਜਾਂਦਾ ਹੈ। ਉਸ ਵੱਲੋਂ ਬਣਾਏ ਚਰਖੇ ਅਤੇ ਮੰਜੇ ਦੇ ਆਦਿ ਦੇ ਮਾਡਲ ਉਸਦੇ ਵਿਰਸੇ ਦਾ ਕਲਾਕਾਰ ਹੋਣ ਦਾ ਪ੍ਰਮਾਣ ਹਨ। ਹਰ ਵਖਤ ਕੁੱਝ ਨਵਾਂ ਕਰਨ ਦੀ ਚਾਹਤ ਰੱਖਣ ਵਾਲਾ ਇਹ ਹੋਣਹਾਰ ਬਾਲਕ ਹੁਣ ਮਹੀਨ ਅੱਖਰਕਾਰੀ ਕਰਨ ਬਾਰੇ ਸੋਚ ਰਿਹਾ ਹੈ।
ਬਚਪਨ ਤੋਂ ਹੀ ਵਿਭਾਗ ਦੇ ਕਲਾ ਮੁਕਾਬਲਿਆਂ ਦਾ ਮੋਹਰੀ ਰਹਿਣ ਵਾਲਾ ਖੁਸ਼ਪ੍ਰੀਤ ਅਨੇਕਾਂ ਮਾਣ ਸਨਮਾਨ ਹਾਸਿਲ ਕਰਕੇ ਵਿਭਾਗ ਅਤੇ ਮਾਪਿਆਂ ਦਾ ਨਾ ਰੌਸ਼ਨ ਕਰ ਚੁੱਕਿਆ ਹੈ। ਖੁਸ਼ਪ੍ਰੀਤ ਦੀ ਕਲਾ ਨੂੰ ਬੁਲੰਦੀਆਂ 'ਤੇ ਵੇਖਣ ਦੀ ਚਾਹਤ ਨਾਲ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰਾਂ ਤੋਂ ਇਲਾਵਾ ਸਿੱਖਿਆ ਵਿਭਾਗ ਅਤੇ ਕਲਾ ਖੇਤਰ ਦੀਆਂ ਹੋਰ ਸਖਸ਼ੀਅਤਾਂ ਨੂੰ ਖੁਸ਼ਪ੍ਰੀਤ ਦੀ ਕਲਾ ਨੂੰ ਪ੍ਰਵਾਜ਼ ਦੇਣ ਦੀ ਅਪੀਲ ਕਰਦੇ ਹਾਂ ਤਾਂ ਕਿ ਹੋਰ ਵਿਦਿਆਰਥੀ ਵੀ ਖੁਸ਼ਪ੍ਰੀਤ ਦੀ ਉਡਾਣ ਤੋਂ ਪ੍ਰੇਰਨਾ ਲੈ ਕੇ ਸੂਖਮ ਕਲਾਵਾਂ ਦੇ ਖੇਤਰ ਵਿੱਚ ਅੱਗੇ ਵਧ ਸਕਣ।
ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965