ਖੱਤਰੀ ਗੈਂਗ ਦਾ ਸਾਥੀ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ
Thursday, Jul 16, 2026 - 03:47 PM (IST)
ਬਠਿੰਡਾ (ਸੁਖਵਿੰਦਰ) : ਇੱਥੇ ਸੀ. ਆਈ. ਏ. ਪੁਲਸ ਵਲੋਂ ਸੋਨੀ ਖੱਤਰੀ ਗੈਂਗ ਦੇ ਇਕ ਮੈਂਬਰ ਨੂੰ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜੋ ਜ਼ਮਾਨਤ 'ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ। ਜਾਣਕਾਰੀ ਅਨੁਸਾਰ ਸੀ. ਆਈ. ਏ. 1 ਵਲੋਂ ਭੁੱਚੋਂ ਦੀ ਹੱਦ 'ਤੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਵਲੋਂ ਮੁਲਜ਼ਮ ਜਸਪਾਲ ਸਿੰਘ ਉਰਫ਼ ਜੱਸਾ ਜੈਦ ਵਾਸੀ ਜੈਦ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਪੁਲਸ ਵਲੋਂ ਮੁਲਜ਼ਮ ਦੀ ਤਲਾਸ਼ੀ ਦੌਰਾਨ ਉਸ ਪਾਸੋਂ 9 ਐੱਮਐੱਮ ਪਿਸਤੌਲ ਗਲੋਕ, ਆਸਟ੍ਰੇਲੀਆ ਮੇਡ ਅਤੇ ਇਕ ਪਿਸਤੌਲ 30 ਸਮੇਤ ਕਾਰਤੂਸ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਖੱਤਰੀ ਗੈਂਗ ਨਾਲ ਸਬੰਧ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਕਪੂਰਥਲਾ ਦੀ ਜੇਲ੍ਹ ਵਿਚ ਬੰਦ ਸੀ ਅਤੇ ਕੁੱਝ ਸਮਾਂ ਪਹਿਲਾਂ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਬੀਤੇ ਦਿਨੀਂ ਜ਼ਮੀਨੀ ਵਿਵਾਦ ਨੂੰ ਲੈ ਕੇ ਲਹਿਰਾ ਮੁਹੱਬਤ ਵਿਖੇ ਹੋਈ ਫਾਇਰਿੰਗ 'ਚ ਵੀ ਮੁਲਜ਼ਮ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਥਿਆਰ ਖੱਤਰੀ ਗੈਂਗ ਵਲੋਂ ਹੀ ਮੁਲਜ਼ਮ ਨੂੰ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
