ਮੋਹਾਲੀ : ਆਮ ਜਨਤਾ ਦੀ ਸਰਕਾਰ ਨੂੰ ''ਵੱਡੀ ਲਾਹਣਤ'', ਜਾਣੋ ਪੂਰਾ ਮਾਮਲਾ

Wednesday, Mar 11, 2020 - 11:03 AM (IST)

ਮੋਹਾਲੀ : ਆਮ ਜਨਤਾ ਦੀ ਸਰਕਾਰ ਨੂੰ ''ਵੱਡੀ ਲਾਹਣਤ'', ਜਾਣੋ ਪੂਰਾ ਮਾਮਲਾ

ਮੋਹਾਲੀ (ਨਿਆਮੀਆਂ) : ਜਦੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈਣ ਅਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਲਈ ਨਾ ਆਵੇ ਤਾਂ ਫਿਰ ਤੰਗ ਆ ਕੇ ਲੋਕ ਸਰਕਾਰਾਂ ਦੀ ਗਲਤੀ ਨਾਲ ਖਰਾਬ ਹੋਏ ਕੰਮ ਨੂੰ ਕਾਰ ਸੇਵਾ ਵਾਂਗ ਪਵਿੱਤਰ ਕੰਮ ਸਮਝ ਕੇ ਖੁਦ ਹੀ ਕਰਨ ਲੱਗ ਪੈਣ ਤਾਂ ਇਸ ਤੋਂ ਵੱਡੀ ਲਾਹਨਤ ਕਿਸੇ ਵੀ ਸਰਕਾਰ ਲਈ ਕੋਈ ਨਹੀਂ ਹੋ ਸਕਦੀ। ਅਜਿਹਾ ਹੀ ਹੋਇਆ, ਇੱਥੋਂ ਦੇ ਨਜ਼ਦੀਕੀ ਪਿੰਡ ਮਲਕਪੁਰ ਤੇ ਬਾਸੀਆਂ ਦੇ ਵਿਚਾਲੇ ਸਰਕਾਰ ਦੀ ਅਣਗਹਿਲੀ ਕਾਰਨ ਨਹਿਰ ਵਿਚ ਪਏ ਹੋਏ ਪਾੜ ਨੂੰ ਭਰ ਕੇ ਆਵਾਜਾਈ ਚਾਲੂ ਕਰਨ ਬਾਰੇ। ਇਲਾਕਾ ਨਿਵਾਸੀਆਂ ਨੇ ਆਪ ਹੀ ਇਕੱਠੇ ਹੋ ਕੇ ਲਗਭਗ 70 ਫੁੱਟ ਡੂੰਘਾ ਅਤੇ 150 ਮੀਟਰ ਚੌੜਾ ਪਾੜ ਆਪਸ ਦੇ ਸਹਿਯੋਗ ਨਾਲ ਹੀ ਪੂਰ ਲਿਆ। ਇਸ ਤਰ੍ਹਾਂ ਇਹ ਕਈ ਮਹੀਨਿਆਂ ਤੋਂ ਬੰਦ ਪਿਆ ਮੁੱਖ ਮਾਰਗ ਲੋਕਾਂ ਦੀ ਆਵਾਜਾਈ ਲਈ ਖੋਲ੍ਹੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ।

PunjabKesari
ਐੱਸ. ਵਾਈ. ਐੱਲ. 'ਚ ਸੁੱਟਿਆ ਸੀਵਰੇਜ ਦਾ ਪਾਣੀ
ਅਸਲ 'ਚ ਪਿਛਲੇ ਸਾਲ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਖਰੜ ਨਗਰ ਕੌਂਸਲ ਨੇ ਸ਼ਹਿਰ ਦਾ ਸੀਵਰੇਜ ਅਤੇ ਕੈਮੀਕਲ ਵਾਲਾ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਵਿਰੋਧ ਕਰਦੇ ਰਹੇ, ਧਰਨੇ ਲਾਉਂਦੇ ਰਹੇ ਪਰ ਨਗਰ ਨਿਗਮ ਖਰੜ ਦੇ ਪ੍ਰਬੰਧਕਾਂ ਨੇ ਅਤੇ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ। ਅਖੀਰ ਜਦੋਂ ਇਹ ਪਾਣੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਤੱਕ ਜਾ ਪਹੁੰਚਿਆ ਤਾਂ ਮੋਹਾਲੀ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸਿਰ ਜੋੜ ਕੇ ਬੈਠੇ ਅਤੇ ਇਸ ਸਮੱਸਿਆ ਦਾ ਹੱਲ ਸੋਚਣ ਲੱਗੇ। ਇਸ ਦਾ ਹੱਲ ਕੱਢਦਿਆਂ-ਕੱਢਦਿਆਂ ਇਕ ਅਜਿਹੀ ਗੈਰ ਕਾਨੂੰਨੀ ਹਰਕਤ ਕੀਤੀ, ਜਿਸ ਨਾਲ ਇਸ ਇਲਾਕੇ 'ਚ ਪੀੜ੍ਹੀਆਂ ਤਕ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਫੈਲ ਸਕਦੀਆਂ ਹਨ। ਸੀਵਰੇਜ ਵਾਲਾ ਕੈਮੀਕਲ ਮਿਲਿਆ ਗੰਦਾ ਪਾਣੀ ਐੱਸ. ਵਾਈ. ਐੱਲ. ਨਹਿਰ ਦੇ 'ਚ ਸੁੱਟ ਦਿੱਤਾ ਗਿਆ। ਇਹ ਨਹਿਰ ਕਿਉਂਕਿ ਇਸ ਇਲਾਕੇ 'ਚ ਪੂਰੀ ਤਰ੍ਹਾਂ ਨਹੀਂ ਬਣ ਸਕੀ ਤੇ ਨਾਂ ਹੀ ਇਸ 'ਤੇ ਬਾਕਾਇਦਾ ਪੁਲ ਲੱਗੇ ਸਨ। ਨਹਿਰ ਨੂੰ ਪੂਰ ਕੇ ਉੱਪਰ ਦੀ ਸੜਕ ਬਣਾ ਦਿੱਤੀ ਗਈ ਸੀ। ਇਹ ਗੰਦਾ ਪਾਣੀ ਜਦੋਂ ਨਹਿਰ 'ਚ ਕੰਢਿਆਂ ਤੱਕ ਭਰ ਗਿਆ ਤਾਂ ਪ੍ਰਸ਼ਾਸਨ ਨੇ ਇਹ ਪਾਣੀ ਪੁਲਸ ਦੇ ਡੰਡੇ ਦੇ ਜ਼ੋਰ ਨਾਲ ਉੱਥੋਂ ਕੱਢਣ ਦਾ ਯਤਨ ਕੀਤਾ। ਅਜਿਹਾ ਕਰਦੇ ਸਮੇਂ ਵਾਤਾਵਰਣ ਦੀ ਜੋ ਬਰਬਾਦੀ ਹੋਈ, ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ।

PunjabKesari
ਪਾਣੀ ਦੇ ਵਹਾਅ 'ਚ ਰੁੜ੍ਹੇ ਦਰੱਖਤ
ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਨੇ ਪੁਲਸ ਦੇ 150 ਦੇ ਕਰੀਬ ਮੁਲਾਜ਼ਮਾਂ ਨੂੰ ਨਾਲ ਲੈ ਕੇ ਜ਼ਬਰਦਸਤੀ ਇਹ ਪਾਣੀ ਨਹਿਰ ਦੇ ਦੂਜੇ ਪਾਸੇ ਕੱਢਣਾ ਸ਼ੁਰੂ ਕੀਤਾ ਪਰ ਪਾਣੀ ਦੇ ਵਹਾਅ 'ਚ ਸਾਰਾ ਕੁੱਝ ਹੀ ਹੜ੍ਹ ਗਿਆ। ਡੇਢ ਸੌ ਮੀਟਰ ਸੜਕ ਇਸ ਪਾਣੀ ਕਾਰਨ ਰੁੜ੍ਹ ਗਈ ਅਤੇ ਸੈਂਕੜੇ ਹੀ ਦਰਖੱਤ ਤੇਜ਼ ਪਾਣੀ ਦੀ ਭੇਟ ਚੜ੍ਹ ਗਏ। ਨਹਿਰ ਦੇ ਨਾਲ-ਨਾਲ ਕਾਫੀ ਦੂਰ ਤੱਕ ਇਹ ਪਾਣੀ ਮਿੱਟੀ ਖੋਰ ਕੇ ਲੈ ਗਿਆ। ਇਹ ਸੜਕ ਜ਼ਿਲਾ ਫ਼ਤਹਿਗੜ੍ਹ ਸਾਹਿਬ ਨੂੰ ਜ਼ਿਲਾ ਮੋਹਾਲੀ ਦੇ ਨਾਲ ਜੋੜਦੀ ਹੈ, ਜਿਸ ਕਰਕੇ ਇਸ ਤੋਂ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ। ਲੋਕਾਂ ਵੱਲੋਂ ਇਸ ਨਹਿਰ ਦਾ ਪਾੜ ਪੂਰਕੇ ਸੜਕ ਬਣਾਉਣ ਲਈ ਬਕਾਇਦਾ ਧਰਨੇ ਦਿੱਤੇ ਗਏ ਅਤੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ। ਪ੍ਰਸ਼ਾਸ਼ਨ ਵੱਲੋਂ ਭਾਵੇਂ ਲੋਕਾਂ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਛੇਤੀ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਕਿਸੇ ਨੇ ਇਨ੍ਹਾਂ ਲੋਕਾਂ ਦੀ ਸਾਰ ਨਾ ਲਈ। ਅਖੀਰ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਕਿ ਜੇਕਰ ਜਲਦੀ ਹੀ ਇਸ ਨਹਿਰ 'ਤੇ ਪੁਲ ਨਾ ਬਣਾਇਆ ਗਿਆ ਅਤੇ ਆਵਾਜਾਈ ਸ਼ੁਰੂ ਨਾ ਕੀਤੀ ਗਈ ਤਾਂ ਲੋਕ ਆਪਣੇ ਆਪ ਹੀ ਕਾਰ ਸੇਵਾ ਕਰਨ ਵਾਂਗ ਨਹਿਰ ਦੇ ਪਏ ਇਸ ਕਾਫੀ ਵੱਡੇ ਪਾੜ ਨੂੰ ਪੂਰ ਦੇਣਗੇ।

PunjabKesari
ਲੋਕਾਂ ਨੇ ਪੂਰਿਆ ਨਹਿਰ ਦਾ ਪਾੜ
ਜਦੋਂ ਫਿਰ ਵੀ ਸਰਕਾਰ ਦੇ ਕੰਨਾਂ 'ਤੇ ਜੂੰ ਨਾਂ ਸਰਕੀ ਤਾਂ ਤੰਗ ਆ ਕੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋ ਕੇ ਆਪ ਹੀ 6 ਮਾਰਚ ਨੂੰ ਇੱਥੇ ਮਿੱਟੀ ਪਾ ਕੇ ਨਹਿਰ ਦਾ ਪਾੜ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਇਲਾਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰੀ ਵੀ ਇਨ੍ਹਾਂ ਲੋਕਾਂ ਦੀ ਸਾਰ ਨਹੀਂ ਲਈ ਤੇ ਨਾਂ ਹੀ ਕੋਈ ਯੋਗਦਾਨ ਦਿੱਤਾ, ਜਿਸ ਲਈ ਇਲਾਕਾ ਨਿਵਾਸੀਆਂ 'ਚ ਚੰਨੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕੰਮ ਲਈ ਜਦੋਂ ਲੋਕਾਂ ਨੇ 30 ਦੇ ਕਰੀਬ ਟਰੈਕਟਰ ਲਿਆ ਕੇ ਚਲਾਉਣੇ ਸ਼ੁਰੂ ਕਰ ਦਿੱਤੇ ਤਾਂ ਅੜਿੱਕੇ ਲਾਉਣ ਲਈ ਸਰਕਾਰ ਦੇ ਕਈ ਮਹਿਕਮੇ ਜ਼ਰੂਰ ਆ ਗਏ। ਇਨ੍ਹਾਂ 'ਚ ਵਣ ਵਿਭਾਗ ਵਾਲੇ ਅਤੇ ਐੱਸ. ਵਾਈ. ਐੱਲ. ਵਾਲੇ ਸ਼ਾਮਲ ਸਨ।

PunjabKesari

ਇਨ੍ਹਾਂ ਵਿਭਾਗਾਂ ਦੇ ਨੁੰਮਾਇੰਦਿਆਂ ਨੇ ਕਿਸਾਨਾਂ ਨੂੰ ਇੱਥੋਂ ਮਿੱਟੀ ਪੂਰਨ ਦਾ ਕੰਮ ਰੋਕਣ ਦੀ ਧਮਕੀ ਦਿੱਤੀ ਪਰ ਲੋਕਾਂ ਦੀ ਏਕਤਾ ਅੱਗੇ ਕਿਸੇ ਦੀ ਕੋਈ ਪੇਸ਼ ਨਾ ਚੱਲੀ। ਸਾਰਾ-ਸਾਰਾ ਦਿਨ ਪਿੰਡਾਂ ਦੇ ਨੌਜਵਾਨ ਇਸ ਕੰਮ 'ਚ ਲੱਗੇ ਰਹੇ ਤੇ ਅਖੀਰ ਇਹ ਕੰਮ ਮੁਕੰਮਲ ਹੋ ਗਿਆ। ਇਸ ਕੰਮ ਦਾ ਸਿਹਰਾ ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਅਤੇ ਦਵਿੰਦਰ ਸਿੰਘ ਦੇਹ ਕਲਾਂ ਨੂੰ ਜਾਂਦਾ ਹੈ। ਇਹ ਦੋਵੇਂ ਆਗੂ ਪਿਛਲੇ ਪੰਜ ਦਿਨਾਂ ਤੋਂ ਇੱਥੇ ਹੀ ਡਟੇ ਰਹੇ ਤੇ ਕੰਮ ਦੀ ਅਗਵਾਈ ਕਰਦੇ ਰਹੇ। ਲੋਕਾਂ 'ਚ ਇਸ ਕੰਮ ਨੂੰ ਮੁਕੰਮਲ ਕਰਨ ਪ੍ਰਤੀ ਇੰਨਾ ਉਤਸ਼ਾਹ ਸੀ ਕਿ ਦੋ ਦਿਨ ਹੋਈ ਬਾਰਸ਼ ਦੌਰਾਨ ਵੀ ਇਹ ਕੰਮ ਜਾਰੀ ਰਿਹਾ। 4 ਜੇ. ਸੀ. ਬੀ. ਮਸ਼ੀਨਾਂ, 30 ਟਰੈਕਟਰ ਦਿਨ-ਰਾਤ ਮਿੱਟੀ ਢੋਂਦੇ ਰਹੇ ਤੇ ਅਖੀਰ ਇਹ ਕੰਮ ਮੁਕੰਮਲ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਵਿੰਦਰ ਸਿੰਘ ਦੇਹ ਕਲਾਂ ਅਤੇ ਜਸਪਾਲ ਸਿੰਘ ਨਿਆਮੀਆਂ ਤੋਂ ਇਲਾਵਾ ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ ਦਾ ਵੀ ਬਹੁਤ ਸਹਿਯੋਗ ਰਿਹਾ।
ਨੇੜੇ ਤੇੜੇ ਦੇ ਪਿੰਡਾਂ ਮਲਕਪੁਰ ਤੋਂ ਬਾਕਾਇਦਾ ਲੰਗਰ ਆਉਂਦਾ ਰਿਹਾ, ਦਬਾਲੀ ਅਤੇ ਬਾਸੀਆਂ ਬ੍ਰਾਹਮਣਾਂ ਵੱਲੋਂ ਚਾਹ ਦੀ ਸੇਵਾ ਕੀਤੀ ਜਾਂਦੀ ਰਹੀ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਇਸ ਕੰਮ 'ਚ ਪੂਰੀ ਮਦਦ ਕੀਤੀ। ਸਾਰਾ ਕੰਮ ਲੋਕਾਂ ਨੇ ਆਪਸ 'ਚ ਪੈਸੇ ਇਕੱਤਰ ਕਰਕੇ ਚਲਾਇਆ ਅਤੇ ਟਰੈਕਟਰਾਂ 'ਚ ਡੀਜ਼ਲ ਪੁਆਉਣ ਤੋਂ ਲੈ ਕੇ ਅੰਤ ਤੱਕ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਿਆ। ਇਸ ਕੰਮ 'ਚ ਗੁਰਮੀਤ ਸਿੰਘ ਖੂਨੀ ਮਾਜਰਾ, ਕੁਲਵੰਤ ਸਿੰਘ ਮਾਛੀਪੁਰ, ਮਲਕੀਤ ਸਿੰਘ ਦਬਾਲੀ, ਸੁਰਿੰਦਰਜੀਤ ਘੋਗਾ, ਗੁਰਵਿੰਦਰ ਸਿੰਘ ਘੋਗਾ, ਹਰਬੰਸ ਲਾਲ ਸਰਪੰਚ ਮਲਕਪੁਰ, ਸੁਖਦੇਵ ਸਿੰਘ ਸਾਬਕਾ ਸਰਪੰਚ ਦਬਾਲੀ, ਪਰਵਿੰਦਰ ਸਿੰਘ ਸਰਪੰਚ ਪੰਨੂਆਂ, ਗੁਰਿੰਦਰ ਸਿੰਘ ਮਹਿਮੂਦਪੁਰ, ਜਸਬੀਰ ਸਿੰਘ ਦੇਹਕਲਾਂ, ਗੁਰਕਿਰਪਾਲ ਸਿੰਘ ਕਾਲਾ ਮਦਨਹੇੜੀ, ਸੁਖਦੀਪ ਸਿੰਘ ਦੇਹਕਲਾਂ, ਅਮਰੀਕ ਸਿੰਘ ਸਾਬਕਾ ਸਰਪੰਚ ਨਿਆਮੀਆਂ, ਗੁਰਤੇਜ ਸਿੰਘ ਮਦਨਹੇੜੀ, ਗੌਤਮ ਸਿੰਘ ਸਰਪੰਚ ਬਾਸੀਆਂ, ਮਨਿੰਦਰ ਸਿੰਘ ਪੰਨੂੰਆਂ, ਸੰਦੀਪ ਸਿੰਘ ਪੰਨੂੰਆਂ, ਸੁਖਬੀਰ ਸਿੰਘ ਘੋਗਾ, ਗੁਰਸ਼ਰਨ ਸਿੰਘ, ਹਰਭੇਜ ਸਿੰਘ ਮਲਕਪੁਰ, ਸੋਹਣ ਸਿੰਘ ਖੂਨੀ ਮਾਜਰਾ, ਗੁਰਚਰਨ ਸਿੰਘ ਦਬਾਲੀ, ਰਵੀ ਘੋਗਾ, ਸੱਤਾ ਮਾਲਕਪੁਰ, ਨਰਪਿੰਦਰ ਸਿੰਘ ਪੰਨੂੰਆਂ, ਭਾਗ ਸਿੰਘ ਬਾਸੀਆਂ, ਸੁਖਦੀਪ ਸਿੰਘ ਮਦਨਹੇੜੀ, ਹੈਪੀ ਘੋਗਾ, ਜਗਮੋਹਨ ਸਿੰਘ ਦਬਾਲੀ, ਟਰੈਕਟਰ ਅਤੇ ਜੇ. ਸੀ. ਬੀ. ਮਸ਼ੀਨਾਂ ਚਲਾਉਣ ਦੀ ਸੇਵਾ ਕਰਦੇ ਰਹੇ। ਖਰੜ ਪ੍ਰਸ਼ਾਸਨ ਨੇ ਲੋਕਾਂ ਦੇ ਜੋਸ਼ ਨੂੰ ਵੇਖਦਿਆਂ ਦੋ ਜੇ. ਸੀ. ਬੀ. ਮਸ਼ੀਨਾਂ ਭੇਜੀਆਂ ਗਈਆਂ ਜੋ ਕਿ ਇਸ ਕੰਮ ਵਿਚ ਪੂਰਾ ਯੋਗਦਾਨ ਕਰਦੀਆਂ ਰਹੀਆਂ। ਪਿੰਡ ਮਲਕਪੁਰ ਤੋਂ ਗੁਰਮੁਖ ਸਿੰਘ ਮਲਕਪੁਰ ਨੇ ਲੋਕਾਂ ਦਾ ਮਨੋਰੰਜਨ ਕਰਨ ਲਈ ਆਪਣੀ ਸਾਊਂਡ ਸਰਵਿਸ ਹੀ ਲੋਕਾਂ ਦੇ ਹਵਾਲੇ ਕਰ ਦਿੱਤੀ। ਹੁਣ ਇਸ ਸੜਕ ਤੇ ਗਟਕਾ ਪਾਉਣ ਦਾ ਕੰਮ ਬਾਕੀ ਰਹਿ ਗਿਆ ਹੈ ਜੋ ਕਿ ਭਲਕ ਤੱਕ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਸੜਕ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। ਦਵਿੰਦਰ ਸਿੰਘ ਅਤੇ ਜਸਪਾਲ ਸਿੰਘ ਨਿਆਮੀਆਂ ਨੇ ਸਾਰੇ ਇਲਾਕਾ ਨਿਵਾਸੀਆਂ ਦਾ ਇਸ ਕਾਰ ਸੇਵਾ ਵਿਚ ਯੋਗਦਾਨ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਲਗਾਤਾਰ ਲੱਗੇ ਰਹੇ ਨੌਜਵਾਨਾਂ ਨੂੰ ਭਲਕੇ ਇਕ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ।
 


author

Babita

Content Editor

Related News