ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, ਭਾਰੀ ਅਸਲੇ ਸਣੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

Saturday, May 20, 2023 - 03:53 PM (IST)

ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, ਭਾਰੀ ਅਸਲੇ ਸਣੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਖੰਨਾ (ਵਿਪਨ) : ਖੰਨਾ ਪੁਲਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਪਵਿੱਤਰ-ਹੁਸਨਦੀਪ ਗੈਂਗ ਅਤੇ ਦਰਮਨ ਕਾਹਲੋਂ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਲੋਕਾਂ ਕੋਲੋਂ 8 ਪਿਸਤੌਲਾਂ, 14 ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 15 ਮਈ ਨੂੰ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ 4-5 ਨਾਮਲੂਮ ਨੌਜਵਾਨ ਕਾਰ 'ਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੇ ਹਨ, ਜਿਨ੍ਹਾਂ ਕੋਲ ਗੈਰ-ਕਾਨੂੰਨੀ ਅਸਲਾ ਹੈ। ਪੁਲਸ ਨੇ ਜੀ. ਟੀ. ਰੋਡ ਪਿੰਡ ਮੰਡਿਆਲਾ ਕਲਾਂ ਨੇੜੇ ਨਾਕਾਬੰਦੀ ਕੀਤੀ ਤਾਂ ਉਕਤ ਕਾਰ ਦੀ ਚੈਕਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰ ਤੇ ਸ਼ਸਤਰ ਰੱਖਣ 'ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ

ਕਾਰ 'ਚ ਹਰਦੇਵ ਸਿੰਘ ਉਰਫ਼ ਦੇਵ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਵਾਸੀਆਨ ਪਿੰਡ ਪੂਰੀਆ, ਜ਼ਿਲ੍ਹਾ ਗੁਰਦਾਸਪੁਰ ਅਤੇ ਧਰਮਪ੍ਰੀਤ ਸਿੰਘ ਉਰਫ਼ ਮੋਟਾ ਵਾਸੀ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਸਵਾਰ ਸਨ। ਇਨ੍ਹਾਂ ਕੋਲੋਂ 3 ਪਿਸਤੌਲ 32 ਬੋਰ ਅਤੇ 3 ਥੈਲੀ ਮੈਗਜ਼ੀਨ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਦੇਵ ਸਿੰਘ ਉਰਫ਼ ਦੇਵ ਦਾ ਸਬੰਧ ਪਵਿੱਤਰ ਹੁਸਨਦੀਪ ਗੈਂਗ ਨਾਲ ਹੈ, ਜੋ ਕਿ ਅੰਮ੍ਰਿਤਸਰ ਜੇਲ੍ਹ ਵਿਖੇ ਮਿਲੇ ਸੀ। ਇਸ ਤੋਂ ਬਾਅਦ ਹਰਦੇਵ ਸਿੰਘ ਨੇ ਅਸਲੇ ਦੀ ਅੰਤਰਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਵੱਡੇ ਪੱਧਰ 'ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਇਸ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਐੱਨ. ਡੀ. ਪੀ. ਐੱਸ ਐਕਟ ਅਧੀਨ ਮੁਕੱਦਮੇ ਦਰਜ ਹਨ। ਉਹ ਕਾਫੀ ਸਮੇਂ ਤੋਂ ਇਨ੍ਹਾਂ ਮੁਕੱਦਮਿਆਂ 'ਚ ਭਗੌੜਾ ਕਰਾਰ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਖੰਨਾ 'ਚ GT ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਮੌਕੇ 'ਤੇ ਪਈਆਂ ਭਾਜੜਾਂ

ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਦਰਮਨ ਕਾਹਲੋਂ ਗਰੁਪ ਦਾ ਖ਼ਾਸ ਗੁਰਗਾ ਹੈ। ਇਸ ਦੇ ਖ਼ਿਲਾਫ਼ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਐੱਨ. ਡੀ. ਪੀ.ਐੱਸ. ਐਕਟ, ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮੁਕੱਦਮੇ ਦਰਜ ਹਨ। ਦੌਰਾਨੇ ਪੁੱਛਗਿਛ ਰਵਿੰਦਰਪਾਲ ਸਿੰਘ ਉਕਤ ਦੀ ਨਿਸ਼ਾਨਦੇਹੀ 'ਤੇ 3 ਪਿਸਤੌਲ 32 ਬੋਰ, 5 ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਖੇਤਾਂ 'ਚੋਂ ਬਰਾਮਦ ਹੋਏ। ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਵਿੰਦਰਪਾਲ ਸਿੰਘ ਨੇ ਇਹ ਹਥਿਆਰ ਮਾਨਸਾ ਜੇਲ੍ਹ 'ਚ ਬੰਦ ਆਪਣੇ ਇੱਕ ਸਾਥੀ ਰਾਹੀਂ ਸੰਧੋਰ ਜ਼ਿਲ੍ਹਾ ਇੰਦੌਰ (MP) ਤੋਂ ਖ਼ਰੀਦੇ ਸਨ। ਇਨ੍ਹਾਂ ਦਾ ਇੱਕ ਸਾਥੀ ਮਾਨਸਾ ਜੇਲ੍ਹ 'ਚ ਬੈਠ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਖ਼ਰੀਦਣ ਦੀ ਪੂਰੀ ਯੋਜਨਾ ਬਣਾਉਂਦਾ ਸੀ। ਫਿਲਹਾਲ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News