ਖੰਨਾ ਪੁਲਸ ਨੂੰ ਮਿਲੀ ਸਫ਼ਲਤਾ, ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

Wednesday, Apr 19, 2023 - 02:39 PM (IST)

ਖੰਨਾ ਪੁਲਸ ਨੂੰ ਮਿਲੀ ਸਫ਼ਲਤਾ, ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਖੰਨਾ (ਵਿਪਨ) : ਖੰਨਾ ਪੁਲਸ ਨੇ ਰਾਜਸਥਾਨ 'ਚ ਬੈਠ ਕੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਅਤੇ ਪੰਜਾਬ 'ਚ ਸਪਲਾਈ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਤੋਂ 15 ਲੱਖ, 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਸਮਰਾਲਾ, ਹਨੀ ਭਾਰਦਵਾਜ ਪੁੱਤਰ ਚਰਨ ਦਾਸ ਵਾਸੀ ਜ਼ਿਲ੍ਹਾ ਲੁਧਿਆਣਾ, ਮਨੋਜ ਕੁਮਾਰ ਉਰਫ਼ ਵਿਜੈ ਪੁੱਤਰ ਹੰਸਰਾਜ ਵਾਸੀ ਰਾਜਸਥਾਨ ਅਤੇ ਮਦਨ ਲਾਲ ਪੁੱਤਰ ਬੁੱਧ ਰਾਮ ਵਾਸੀ ਰਾਜਸਥਾਨ ਵਜੋਂ ਹੋਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸਦਰ ਥਾਣਾ ਪੁਲਸ ਨੇ ਨਾਕੇਬੰਦੀ ਦੌਰਾਨ ਸਮਰਾਲੇ ਦੇ ਰਹਿਣ ਵਾਲੇ 2 ਲੋਕਾਂ ਕਮਲਜੀਤ ਸਿੰਘ ਅਤੇ ਹਨੀ ਭਾਰਦਵਾਜ ਨੂੰ 67,500 ਰੁਪਏ ਦੀ ਜਾਅਲੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਹਾਂ ਦੀ ਪੁੱਛਗਿੱਛ 'ਚ ਖ਼ੁਲਾਸਾ ਹੋਇਆ ਕਿ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਰਹਿਣ ਵਾਲੇ ਮਨੋਜ ਕੁਮਾਰ ਅਤੇ ਮਦਨ ਲਾਲ ਮਾਸਟਰਮਾਈਂਡ ਹਨ, ਜੋ ਜਾਅਲੀ ਕਰੰਸੀ ਤਿਆਰ ਕਰਕੇ ਉਨ੍ਹਾਂ ਨੂੰ ਸਪਲਾਈ ਕਰਨ ਲਈ ਦਿੰਦੇ ਹਨ। ਪੁਲਸ ਨੇ ਇਨ੍ਹਾਂ ਦੋਹਾਂ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਅਜਮੇਰ ਤੋਂ ਮਨੋਜ ਅਤੇ ਉਸ ਦੇ ਸਾਥੀ ਮਦਨ ਲਾਲ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 14 ਲੱਖ, 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।

ਜਾਅਲੀ ਕਰੰਸੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾਣ ਵਾਲਾ ਲੈਪਟਾਪ, ਪ੍ਰਿੰਟਰ ਅਤੇ ਕਾਗਜ਼ ਵੀ ਪੁਲਸ ਨੇ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਮਰਾਲਾ ਦੇ ਦੋਹਾਂ ਨੌਜਵਾਨਾਂ ਦਾ ਸਪੰਰਕ ਰਾਜਸਥਾਨ 'ਚ ਬੈਠੇ ਮਾਸਟਰਮਾਈਂਡ ਲੋਕਾਂ ਤੋਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੋਇਆ ਸੀ। ਇਨ੍ਹਾਂ ਲੋਕਾਂ ਨੇ ਲਾਲਚ ਦੇ ਕੇ ਸਮਰਾਲਾ ਦੇ ਨੌਜਵਾਨਾਂ ਨੂੰ ਆਪਣੇ ਸੰਪਰਕ 'ਚ ਲਿਆ ਅਤੇ ਜਾਅਲੀ ਕਰੰਸੀ ਸਪਲਾਈ ਕਰਨ ਲਈ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਣ ਲੱਗਾ। ਇਸ ਗਿਰੋਹ ਦੇ ਕੁੱਝ ਹੋਰ ਲੋਕ ਵੀ ਪੁਲਸ ਦੀ ਰਾਡਾਰ 'ਤੇ ਹਨ।


author

Babita

Content Editor

Related News