ਖੰਨਾ ਪੁਲਸ ਨੇ 20 ਲੱਖ ਰੁਪਏ ਸਣੇ 3 ਵਿਅਕਤੀ ਕੀਤੇ ਗ੍ਰਿਫ਼ਤਾਰ
Tuesday, Jun 28, 2022 - 05:39 PM (IST)
ਬੀਜਾ (ਬਿਪਨ) : ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਵੱਲੋਂ ਜ਼ਿਲ੍ਹੇ ਭਰ ’ਚ ਮਜ਼ਬੂਤ ਕੀਤੀ ਗਈ ਨਾਕਾਬੰਦੀ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਕਿਸੇ ਨਾਕਾਬੰਦੀ ਉਪਰ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਕਿਸੇ ਨਾਕਾਬੰਦੀ ਉਪਰ ਵੱਡੀ ਗਿਣਤੀ ’ਚ ਨਕਦੀ ਬਰਾਮਦ ਹੋ ਰਹੀ ਹੈ। ਇਸੇ ਕੜੀ ਅਧੀਨ ਖੰਨਾ ਪੁਲਸ ਨੇ ਨਾਕਾਬੰਦੀ ਦੌਰਾਨ 20 ਲੱਖ ਰੁਪਏ ਨਕਦੀ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ, ਜਾਣੋ ਕੀ ਰਹੇ ਵੱਡੇ ਕਾਰਨ
ਐੱਸ. ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਪ੍ਰਿਸਟਾਈਨ ਮਾਲ ਸਾਹਮਣੇ ਨਾਕਾ ਲਾਇਆ ਹੋਇਆ ਸੀ ਤਾਂ ਕਾਰ ਸਵਾਰ 3 ਵਿਅਕਤੀਆਂ ਕੋਲੋਂ 20 ਲੱਖ ਰੁਪਏ ਬਰਾਮਦ ਹੋਏ। ਇਸ ਨਕਦੀ ਸਬੰਧੀ ਕੋਈ ਕਾਗਜ਼ਾਤ ਵਿਅਕਤੀ ਨਹੀਂ ਦਿਖਾ ਸਕੇ, ਜਿਸ ਦੇ ਚੱਲਦਿਆਂ ਪੁਲਸ ਨੇ ਨਕਦੀ ਜ਼ਬਤ ਕਰ ਕੇ ਮਾਮਲੇ ਦੀ ਅਗਲੀ ਜਾਂਚ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਸੀ। ਇਸ ਮਾਮਲੇ ਦੀ ਅਗਲੀ ਜਾਂਚ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾਵੇਗੀ ਅਤੇ ਆਮਦਨ ਕਰ ਵਿਭਾਗ ਪਤਾ ਕਰੇਗਾ ਕਿ ਇਹ ਨਕਦੀ ਕਿੱਥੋਂ ਆਈ ਅਤੇ ਕਿੱਥੇ ਵਰਤੀ ਜਾਣੀ ਸੀ।