ਪੰਜਾਬ ’ਚ ਸਪਲਾਈ ਲਈ ਲਿਆਂਦੀ 18 ਕਿਲੋਂ ਅਫ਼ੀਮ ਸਣੇ ਵੱਡਾ ਤਸਕਰ ਗ੍ਰਿਫਤਾਰ

Tuesday, Apr 28, 2020 - 03:23 PM (IST)

ਖੰਨਾ, ਸਮਰਾਲਾ (ਵਿਪਨ, ਗਰਗ, ਬੰਗੜ) : ਪੰਜਾਬ 'ਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਦੂਜੇ ਰਾਜ ਤੋਂ ਲਿਆਂਦੀ ਗਈ 18 ਕਿਲੋਂ ਅਫ਼ੀਮ ਸਮੇਤ ਇੱਕ ਵੱਡੇ ਤਸਕਰ ਨੂੰ ਉਸ ਦੇ ਦੋ ਹੋਰ ਸਾਥੀਆਂ ਸਮੇਤ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇੰਨੀ ਵੱਡੀ ਮਾਤਰਾਂ 'ਚ ਫੜ੍ਹੀ ਗਈ ਇਸ ਅਫ਼ੀਮ ਨੂੰ ਸੂਬੇ ਦੇ ਕਈ ਹੋਰ ਛੋਟੇ ਤਸਕਰਾਂ ਤੱਕ ਸਪਲਾਈ ਕੀਤਾ ਜਾਣਾ ਸੀ, ਪਰ ਸਪਲਾਈ ਦੀ ਪਹਿਲੀ ਖੇਪ ਪਹੁੰਚਾਉਣ ਮੌਕੇ ਹੀ ਪੁਲਸ ਨੇ ਵੱਡੇ ਤਸਕਰ ਸਮੇਤ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਦੇ ਹੋਏ ਕਰੀਬ 20 ਲੱਖ ਰੁਪਏ ਕੀਮਤ ਦੀ 18 ਕਿਲੋਂ ਅਫ਼ੀਮ ਇਨ੍ਹਾਂ ਪਾਸੋਂ ਬਰਾਮਦ ਕਰਦੇ ਹੋਏ ਨਸ਼ਾ ਤਸਕਰੀ ਦੇ ਇਸ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਖੰਨਾ ਨੇੜੇ ਇਕ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤੇ ਜਾਣ ਦੇ ਦੋ ਦਿਨ ਬਾਅਦ ਹੀ ਪੁਲਸ ਦੀ ਇਹ ਇਕ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ, ਜਿਸ 'ਚ ਰਿਕਾਰਡ ਮਾਤਰਾਂ 'ਚ ਅਫ਼ੀਮ ਦੀ ਰਿਕਵਰੀ ਪੁਲਸ ਵੱਲੋਂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਅਧੀਨ ਪੁਲਸ ਦੇ ਉੱਚ ਅਧਿਕਾਰੀਆਂ ਦੀ ਇਕ ਟੀਮ ਵੱਲੋਂ ਇਤਲਾਹ ਮਿਲਣ ’ਤੇ ਸਮਰਾਲਾ ਨੇੜੇ ਸਰਹਿੰਦ ਨਹਿਰ ਦੇ ਨੀਲੋਂ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਪਾਰਟੀ ਨੂੰ ਪਿੰਡ ਤੱਖਰਾ ਸਾਈਡ ਤੋਂ ਇਕ ਸਪਲੈਂਡਰ ਮੋਟਰਸਾਈਕਲ 'ਤੇ ਦੋ ਨੌਜਵਾਨ ਸਵਾਰ ਹੋ ਕੇ ਆਉਂਦੇ ਵਿਖਾਈ ਦਿੱਤੇ। ਇਨ੍ਹਾਂ ਨੂੰ ਰੋਕ ਕੇ ਜਦੋਂ ਪੁਲਸ ਨੇ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ 'ਚੋਂ ਇਕ ਨੇ ਆਪਣਾ ਨਾਂ ਹਰਜੋਤ ਸਿੰਘ ਉਰਫ ਜੋਤ ਵਾਸੀ ਪਿੰਡ ਤੱਖਰਾਂ ਅਤੇ ਦੂਜੇ ਨੌਜਵਾਨ ਨੇ ਆਪਣੀ ਪਛਾਣ ਜਤਿੰਦਰ ਸਿੰਘ ਵਾਸੀ ਤੱਖਰਾਂ ਵਜੋਂ ਪੁਲਸ ਨੂੰ ਦੱਸੀ। ਇਨ੍ਹਾਂ ਦੀ ਮੌਕੇ ’ਤੇ ਲਈ ਗਈ ਤਲਾਸ਼ੀ ਦੌਰਾਨ ਪੁਲਸ ਨੂੰ ਉਨ੍ਹਾਂ ਪਾਸੋਂ ਤਿੰਨ ਕਿਲੋਂ ਅਫ਼ੀਮ ਬਰਾਮਦ ਹੋਈ। ਪੁੱਛਗਿੱਛ 'ਚ ਹਰਜੋਤ ਸਿੰਘ ਉਰਫ ਜੋਤ ਜੋ ਕਿ ਵੱਡਾ ਤਸਕਰ ਮੰਨਿਆ ਜਾਂਦਾ ਹੈ, ਨੇ ਪੁਲਸ ਨੂੰ ਦੱਸਿਆ ਕਿ 14 ਕਿਲੋਂ ਅਫ਼ੀਮ ਉਸ ਦੇ ਘਰ ਪਈ ਹੈ ਅਤੇ 1 ਕਿਲੋਂ ਅਫ਼ੀਮ ਉਸ ਨੇ ਆਪਣੇ ਹੀ ਪਿੰਡ ਦੇ ਬਲਬੀਰ ਸਿੰਘ ਨਾਮਕ ਵਿਅਕਤੀ ਨੂੰ ਵੇਚ ਦਿੱਤੀ ਹੈ।

ਉੱਚ ਅਧਿਕਾਰੀਆਂ ਦੀ ਇਸ ਪੁਲਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਦੇ ਹੋਏ ਹਰਜੋਤ ਸਿੰਘ ਦੇ ਘਰ ਰੱਖੀ 14 ਕਿਲੋਂ ਅਫ਼ੀਮ ਸਮੇਤ ਬਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ 1 ਕਿਲੋਂ ਅਫ਼ੀਮ ਬਰਾਮਦ ਕਰ ਲਈ। ਹਰਜੋਤ ਸਿੰਘ ਉਰਫ ਜੋਤ ਜਿਸ ’ਤੇ ਪਹਿਲਾ ਵੀ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਕੇਸ ਦਰਜ ਹਨ, ਨੇ ਦੱਸਿਆ ਕਿ ਉਸ ਨੇ ਇਹ ਸਾਰੀ ਅਫ਼ੀਮ ਰਾਜਸਥਾਨ ਦੇ ਭੀਲਭਾੜਾ ਤੋਂ ਟੱਰਕ ਰਾਹੀ ਮੰਗਵਾਈ ਸੀ ਅਤੇ ਇਸ ਨੂੰ ਅੱਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕੀਤਾ ਜਾਣਾ ਸੀ। ਐਸ. ਐੱਚ. ਓ. ਸਮਰਾਲਾ ਸਿੰਕਦਰ ਸਿੰਘ ਨੇ ਦੱਸਿਆ ਕਿ ਇੰਨੀ ਵੱਡੀ ਮਾਤਰਾਂ 'ਚ ਹੋਈ ਅਫ਼ੀਮ ਦੀ ਰਿਕਵਰੀ ਪੁਲਸ ਦੀ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਪੁਲਸ ਇਨ੍ਹਾਂ ਸਾਰੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਮਗਰੋਂ ਹੋਰ ਵੀ ਕਈ ਵੱਡੇ ਖੁਲਾਸੇ ਕਰੇਗੀ।


 


Babita

Content Editor

Related News