ਜਾਅਲੀ ਕਰੰਸੀ ਸਮੇਤ ਵਿਦੇਸ਼ੀ ਨਾਗਰਿਕ ਗ੍ਰਿਫਤਾਰ (ਵੀਡੀਓ)

Sunday, Feb 03, 2019 - 09:36 AM (IST)

ਖੰਨਾ (ਬਿਪਨ, ਸੁਖਵਿੰਦਰ ਕੌਰ, ਸੂਦ, ਸੁਖਵੀਰ) : ਪੁਲਸ  ਵਲੋਂ 2 ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੀ  3 ਲੱਖ 52 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ, ਜਾਅਲੀ ਨੋਟ ਛਾਪਣ ਵਾਲੀ ਮਸ਼ੀਨ ਅਤੇ ਹੋਰ ਵਰਤੋਂ 'ਚ ਆਉਣ ਵਾਲੇ ਸਾਮਾਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ  ਕਾਂਨਫਰੰਸ  'ਚ ਐੱਸ. ਐੱਸ. ਪੀ. ਧਰੁਵ ਦਹੀਆ ਨੇ  ਦੱਸਿਆ ਕਿ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ, ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ, ਨਾਰਕੋਟਿਕ ਸੈੱਲ ਖੰਨਾ ਦੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਅਤੇ ਸਹਾਇਕ ਥਾਣੇਦਾਰ ਬਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਦੋਰਾਹਾ ਦੇ ਹਾਈ-ਟੈੱਕ ਨਾਕੇ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਇਸੇ ਦੌਰਾਨ ਪੁਲਸ ਪਾਰਟੀ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ 2 ਨੌਜਵਾਨ (ਵਿਦੇਸ਼ੀ) ਬੱਸ ਸਟੈਂਡ ਦੋਰਾਹਾ 'ਤੇ ਜਾਅਲੀ ਕਰੰਸੀ ਸਮੇਤ ਮੌਜੂਦ ਹਨ ਅਤੇ ਕਿਸੇ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਜਾਅਲੀ ਕਰੰਸੀ ਸਮੇਤ ਕਾਬੂ ਆ ਸਕਦੇ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਬੱਸ ਸਟੈਂਡ ਦੋਰਾਹਾ ਕੋਲੋਂ ਦੋਵੇਂ ਵਿਦੇਸ਼ੀ ਨਾਗਰਿਕਾਂ ਕੈਲਵਿਨ ਨੋਰਮਨ ਪੁੱਤਰ ਘਾਨਾ ਹਾਲ ਵਾਸੀ ਮੁੰਬਈ ਅਤੇ ਗੈਮਟੂਈ ਕਾਊਵਾ ਡਾਰੀਓਸ ਵਾਸੀ ਸੈਂਟਰ ਅਫਰੀਕਾ ਹਾਲ ਵਾਸੀ ਦਿੱਲੀ ਦੀ ਤਲਾਸ਼ੀ ਕਰਨ 'ਤੇ ਉਨ੍ਹਾਂ ਕੋਲੋਂ 3 ਲੱਖ 52 ਹਜ਼ਾਰ (ਦੋ-ਦੋ ਹਜ਼ਾਰ ਦੇ ਨੋਟ) ਜਾਅਲੀ ਕਰੰਸੀ, ਜਾਅਲੀ ਨੋਟ ਛਾਪਣ ਵਾਲੀ ਮਸ਼ੀਨ, ਭਾਰਤੀ ਕਰੰਸੀ ਦੇ ਨੋਟਾਂ ਦੇ ਸਾਈਜ਼ ਦੇ ਖਾਲੀ ਪੇਪਰ ਅਤੇ ਆਇਓਡੀਨ ਕੈਮੀਕਲ ਅਤੇ ਹੋਰ ਜਾਅਲੀ ਕਰੰਸੀ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਥਾਣਾ ਦੋਰਾਹਾ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ  ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।


author

Baljeet Kaur

Content Editor

Related News