ਖੰਨਾ ਪੁਲਸ ਵਲੋਂ 9 ਕਰੋੜ ਤੋਂ ਵੱਧ ਹਵਾਲੇ ਦੀ ਰਕਮ ਬਰਾਮਦ, 6 ਕਾਬੂ
Saturday, Mar 30, 2019 - 10:17 AM (IST)
ਖੰਨਾ (ਬਿਪਨ) : ਖੰਨਾ ਪੁਲਸ ਨੇ ਸ਼ਨੀਵਾਰ ਨੂੰ ਹਵਾਲੇ ਦੇ 9 ਕਰੋੜ, 66 ਲੱਖ, 61 ਹਜ਼ਾਰ, 700 ਰੁਪਏ ਸਮੇਤ 6 ਵਿਅਕਤੀਆ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਧੁਰਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦੀ ਜਾਣਕਾਰੀ ਦਿੱਤੀ।ਖੰਨਾ ਪੁਲਸ ਵੱਲੋ ਸਪੈਸ਼ਲ ਨਾਕਾਬੰਦੀਆ ਕਰਕੇ ਚੈਕਿੰਗਾਂ ਕੀਤੀਆ ਜਾ ਰਹੀਆ ਹਨ, ਜਿਸ ਦੇ ਤਹਿਤ ਹੰਸ ਰਾਜ, ਪੀ. ਪੀ. ਐਸ. ਉਪ ਪੁਲਸ ਕਪਤਾਨ (ਆਈ), ਖੰਨਾ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਅਤੇ ਸਹਾਇਕ ਥਾਣੇਦਾਰ ਮਹਿੰਦਰਪਾਲ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਸਾਹਮਣੇ ਮੈਕਡੋਨਾਲਡ ਜੀ.ਟੀ ਰੋਡ ਦੋਰਾਹਾ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ/ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੱਗਦਾ ਹਵਾਲਾ ਦਾ ਕਾਰੋਬਾਰ ਕਰਦੇ ਹਨ ਅਤੇ ਇਨ੍ਹਾ ਦੇ ਇਸ ਕੰਮ ਵਿੱਚ ਹੋਰ ਲੋਕ ਵੀ ਸ਼ਾਮਲ ਹਨ।
ਜੋ ਇਹ ਵਿਅਕਤੀ ਗੱਡੀ ਨੰਬਰ ਪੀ.ਬੀ.02ਬੀ.ਐੱਨ-3928 ਮਾਰਕਾ ਇਨੋਵਾ, ਗੱਡੀ ਨੰਬਰ ਪੀ.ਬੀ.10-ਜੀ.ਬੀ-0269 ਮਾਰਕਾ ਫੋਰਡ ਈਕੋਸਪੋਰਟ ਅਤੇ ਗੱਡੀ ਨੰਬਰ ਪੀ.ਬੀ.6ਏ.ਕਿਊ-8020 ਮਾਰਕਾ ਮਰੂਤੀ ਬਰੀਜਾ, ਵਿੱਚ ਸਵਾਰ ਹੋ ਕੇ ਜਲੰਧਰ ਤੋਂ ਜੀ.ਟੀ ਰੋਡ ਰਾਹੀਂ ਅੰਬਾਲਾ ਸਾਈਡ ਨੂੰ ਆ ਰਹੇ ਹਨ, ਜੇਕਰ ਜਲੰਧਰ ਸਾਈਡ ਵਲੋਂ ਆਉਣ ਵਾਲੀਆ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਉਕਤ ਗੱਡੀਆਂ ਵਿੱਚੋਂ ਭਾਰੀ ਮਾਤਰਾ 'ਚ ਗੈਰ ਕਾਨੂੰਨੀ ਭਾਰਤੀ ਕਰੰਸੀ ਬਰਾਮਦ ਹੋ ਸਕਦੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਸਮੇਤ ਪੁਲਸ ਪਾਰਟੀ ਵੱਲੋ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਜਲੰਧਰ-ਲੁਧਿਆਣਾ ਸਾਈਡ ਤੋਂ ਆ ਰਹੀਆ ਗੱਡੀਆ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ, ਇਸੇ ਦੌਰਾਨ ਉਕਤ ਤਿੰਨੋਂ ਗੱਡੀਆ ਲੁਧਿਆਣਾ ਸਾਈਡ ਵਲੋਂ ਆਈਆ।
ਗੱਡੀ ਨੰਬਰ ਪੀ.ਬੀ.10-ਜੀ.ਬੀ-0269 ਮਾਰਕਾ ਈਕੋਸਪੋਰਟ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ, ਜਿਨ੍ਹਾ ਨੂੰ ਗੱਡੀ ਤੋਂ ਹੇਠਾਂ ਉਤਾਰਕੇ ਉਹਨਾ ਦਾ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਮ ਐਨਥਨੀ ਪੁੱਤਰ ਪੱਪੂ ਵਾਸੀ ਪ੍ਰਤਾਪਪੁਰਾ ਥਾਣਾ ਲਾਬੜਾਂ ਜ਼ਿਲਾ ਜਲੰਧਰ, ਜੋ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਹੈ, ਰਛਪਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਕਾਨ ਨੰਬਰ ਭੀਖੀਵਿੰਡ, ਥਾਣਾ ਭੀਖੀਵਿੰਡ, ਜ਼ਿਲਾ ਤਰਨਤਾਰਨ ਦੱਸਿਆ, ਫਿਰ ਦੂਸਰੀ ਗੱਡੀ ਨੰਬਰ ਪੀ.ਬੀ02 ਬੀ.ਐੱਨ-3938 ਮਾਰਕਾ ਇਨੋਵਾ, ਵਿੱਚ ਦੋ ਮੋਨੇ ਵਿਅਕਤੀ ਅਤੇ ਇੱਕ ਔਰਤ ਸਵਾਰ ਸਨ, ਜਿਨ੍ਹਾ ਨੇ ਆਪਣਾ ਨਾਮ ਰਵਿੰਦਰ ਲਿੰਗਾਇਤ ਉਰਫ ਰਵੀ ਪੁੱਤਰ ਮਧੂਕਰ ਵਾਸੀ ਨਵੀਂ ਮੁੰਬਈ, ਸ਼ਿਵਾਂਗੀ ਲਿੰਗਾਇਤ ਪਤਨੀ ਰਵਿੰਦਰ ਲਿੰਗਾਇਤ ਵਾਸੀ ਨਵੀਂ ਮੁੰਬਈ, ਅਸ਼ੋਕ ਕੁਮਾਰ ਪੁੱਤਰਅਨੰਤ ਰਾਮ ਵਾਸੀ ਗਵਾਭੀ ਡਾਕਖਾਨਾ ਨਮਹੋਲ ਥਾਣਾ ਸਦਰ ਬਿਲਾਸਪੁਰ ਜਿਲਾ ਬਿਲਾਸਪੁਰ (ਹਿਮਾਚਲ ਪ੍ਰਦੇਸ਼), ਦੱਸਿਆ ਅਤੇ ਤੀਸਰੀ ਗੱਡੀ ਨੰਬਰ ਪੀ.ਬੀ.06-ਏ.ਕਿਊ-8020 ਮਾਰਕਾ ਬਰੀਜਾ, ਵਿੱਚ ਇੱਕ ਮੋਨਾ ਵਿਅਕਤੀ ਸਵਾਰ ਸੀ, ਜਿਸ ਨੇ ਆਪਣਾ ਨਾਮ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਛੋਟੀ ਬਾਰਾਦਰੀ, ਜ਼ਿਲਾ ਜਲੰਧਰ, ਦੱਸਿਆ। ਗੱਡੀਆ ਦੀ ਤਲਾਸ਼ੀ ਕਰਨ ਪਰ ਉਨ੍ਹਾਂ ਵਿੱਚੋਂ 9 ਕਰੋੜ, 66 ਲੱਖ, 61 ਹਜ਼ਾਰ, 700 ਰੂਪੈ/- ਦੀ ਹਵਾਲਾ ਰਾਸ਼ੀ ਬਰਾਮਦ ਹੋਈ, ਜਿਸ ਸਬੰਧੀ ਉਕਤ ਵਿਅਕਤੀ ਮੌਕੇ 'ਤੇ ਕੋਈ ਦਸਤਾਵੇਜ਼/ਸਬੂਤ ਪੇਸ਼ ਨਹੀ ਕਰ ਸਕੇ। ਜਿਸ ਸਬੰਧੀ ਵਿਮਲ ਮਦਾਨ, ਆਈ.ਟੀ.ਓ ਅਤੇ ਸ਼੍ਰੀ ਵਰਿੰਦਰ ਕੁਮਾਰ ਆਈ.ਟੀ.ਓ ਸਮੇਤ ਟੀਮ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਅਤੇ ਦੀਪਕ ਰਾਜਪੂਤ ਅਸਿਸਟੈਂਟ ਡਾਇਰੈਕਟਰ ਇਨਫੋਸਰਮੈਨਟ ਜਲੰਧਰ ਨੂੰ ਮੌਕੇ 'ਤੇ ਬੁਲਾ ਕੇ ਬਰਾਮਦ ਕੈਸ਼, ਵਿਅਕਤੀਆ ਅਤੇ ਗੱਡੀਆ ਦੇ ਨਿਪਟਾਰੇ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।