ਗੁਲਜ਼ਾਰ ਗਰੁੱਪ ਵਲੋਂ ਕਲਿਚ ਦਾ ਡੀਲ ਮਾਰਕੀਟਿੰਗ ਈਵੈਂਟ ਦਾ ਆਯੋਜਨ

04/22/2019 4:43:00 AM

ਖੰਨਾ (ਸੁਖਵਿੰਦਰ ਕੌਰ) - ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਕੈਂਪਸ ’ਚ ਕਲਿਚ ਦਾ ਡੀਲ ਨਾਮਕ ਇਕ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਆਪਣੇ ਭਵਿੱਖ ਦੇ ਮੈਨੇਜਰਾਂ ਨੂੰ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੋਚਕ ਤਰੀਕੇ ਨਾਲ ਰੂ-ਬਰੂ ਕਰਾਉਣਾ ਸੀ। ਕੈਂਪਸ ’ਚ ਕਰਵਾਏ ਗਏ ਇਸ ਈਵੈਂਟ ’ਚ ਵਿਦਿਆਰਥੀਆਂ ਵਲੋਂ ਇਕ ਮਾਰਕੀਟ ਲਾ ਕੇ ਉਪਹਾਰ, ਖਾਣ-ਪੀਣ ਦਾ ਸਾਮਾਨ, ਸੀਡੀਜ਼, ਫੁੱਲ, ਹੱਥ ਦੇ ਬਣੇ ਗਰੀਟਿੰਗ ਕਾਰਡ, ਮੋਬਾਇਲ ਐਸਸਰੀਜ਼ ਸਮੇਤ ਹੋਰ ਕਈ ਤਰ੍ਹਾਂ ਦੇ ਸਾਮਾਨ ਦੇ ਸਟਾਲ ਲਾ ਕੇ ਉਨ੍ਹਾਂ ਦੀ ਮਾਰਕੀਟਿੰਗ ਕੀਤੀ ਗਈ। ਇਸ ਈਵੈਂਟ ਦੀ ਖ਼ਾਸੀਅਤ ਇਹ ਰਹੀ ਕਿ ਲਾਏ ਗਏ ਸਟਾਲਾਂ ਦਾ ਮੁੱਖ ਮੰਤਵ ਸਬੰਧਤ ਸਾਮਾਨ ਦੀ ਖ਼ੂਬਸੂਰਤ ਤਰੀਕੇ ਨਾਲ ਮਾਰਕੀਟਿੰਗ ਕਰ ਕੇ ਉਸ ਨੂੰ ਉਪਭੋਗਤਾ ਦੀ ਮੰਗ ਅਨੁਸਾਰ ਢਾਲਣ ਬਾਰੇ ਚਰਚਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਵਲੋਂ ਆਪਣੀ ਸਿੱਖਿਆ ਅਤੇ ਕਲਾ ਦੇ ਸੁਮੇਲ ਨੂੰ ਬਿਹਤਰੀਨ ਤਰੀਕੇ ਨਾਲ ਵਰਤਿਆ ਗਿਆ। ਆਖੀਰ ਇਨ੍ਹਾਂ ਮੁਕਾਬਲਿਆਂ ’ਚ ਬੀ. ਕਾਮ ਦੇ ਚੌਥੇ ਸਮੈਸਟਰ ਦੀ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦਕਿ ਬੀ. ਕਾਮ. ਦੇ ਦੂਜੇ ਸਮੈਸਟਰ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ। ਤੀਜੀ ਪੁਜ਼ੀਸ਼ਨ ਐੱਮ. ਬੀ. ਏ. ਦੇ ਦੂਜੇ ਸਮੈਸਟਰ ਅਤੇ ਬੀ. ਬੀ. ਏ. ਦੇ ਦੂਜੇ ਸਮੈਸਟਰ ਦੀ ਸਾਂਝੇ ਤੌਰ ’ਤੇ ਹਾਸਲ ਕੀਤੀ। ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਜੇਕਰ ਵਿਦਿਆਰਥੀ ਨੂੰ ਉਨ੍ਹਾਂ ਦੀ ਅਕੈਡਮਿਕ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਦਿੱਤੀ ਜਾਵੇ ਤਾਂ ਉਹ ਇਕ ਕਾਮਯਾਬ ਇਨਸਾਨ ਬਣ ਸਕਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਸੀ, ਜੋ ਕਿ ਬਹੁਤ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਕੈਂਪਸ ’ਚ ਵਿਦਿਆਰਥੀਆਂ ਨੂੰ ਪਲੇਸਮੈਂਟ ਵਿਭਾਗ ਵਲੋਂ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਤਿਆਰ ਕੀਤਾ ਜਾਂਦਾ ਹੈ। ਇਸ ਮੌਕੇ ਈਵੈਂਟ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ।

Related News