‘ਹੌਟ ਡਾਗ’ ਵੇਚਣ ਵਾਲਿਆਂ ਕੋਲੋਂ ਲੁੱਟੇ 30 ਹਜ਼ਾਰ
Monday, Mar 25, 2019 - 04:34 AM (IST)
ਖੰਨਾ (ਮਨਦੀਪ)-ਨਵੀਂ ਅਬਾਦੀ ਅਕਾਲਗਡ਼੍ਹ ਕੋਲ ਰੱਤੋਵਾਲ ਚੌਕ ਨੇਡ਼ੇ ਕਿਰਾਏ ਦੇ ਮਕਾਨ ’ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਦੋ ਸਕੇ ਭਰਾ ਰਾਮਸਾਗਰ ਤੇ ਨਾਨਬਾਈ ਤੋਂ ਇਕ ਨੌਸਰਬਾਜ਼ ਵਲੋਂ 30 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਡ਼ਤ ਭਰਾਵਾਂ ਰਾਮਸਾਗਰ ਅਤੇ ਨਾਨਬਾਈ ਨੇ ਰੋਂਦੇ ਹੋਏ ਦੱਸਿਆ ਅੱਜ ਕਰੀਬ 11 ਵਜੇ ਇਕ ਮੋਨਾ ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਆਇਆ ਤੇ ਉਸਨੇ ਕਿਹਾ ਉਨ੍ਹਾਂ ਦੇ ਘਰ ਵਿਆਹ ਹੈ ਤੇ 400 ਹੌਟ ਡਾਗ ਦੀ ਲੋਡ਼ ਹੈ। ਨੌਸਰਬਾਜ਼ ਰਾਮਸਾਗਰ ਨੂੰ ਆਪਣੇ ਮੋਟਰਸਾਈਕਲ ’ਤੇ ਇਹ ਕਹਿ ਕਿ ਬਿਠਾ ਕੇ ਨਾਲ ਲੈ ਗਿਆ ਕਿ ਨੇਡ਼ੇ ਹੀ ਸਾਡਾ ਘਰ ਹੈ ਤੈਨੂੰ ਦਿਖਾਉਣਾ ਹੈ । ਰੱਤੋਵਾਲ ਨੂੰ ਜਾਂਦੀ ਲਿੰਕ ਸਡ਼ਕ ’ਤੇ ਅੱਗੇ ਜਾ ਕੇ ਨੌਸਰਬਾਜ਼ ਨੇ ਰਾਮਸਾਗਰ ਨੂੰ ਉਤਾਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੀ ਪਿੱਛੇ ਚਿੱਟੇ ਰੰਗ ਦੀ ਕਾਰ ਆ ਰਹੀ ਹੈ ਤੂੰ ਉਸ ਵਿਚ ਬੈਠ ਜਾਵੀ। ਇਸ ਤੋਂ ਬਾਅਦ ਨੌਸਰਬਾਜ਼ ਵਾਪਸ ਰਾਮਸਾਗਰ ਦੇ ਕਿਰਾਏ ਵਾਲੇ ਘਰ ’ਚ ਗਿਆ ਤੇ ਦੂਜੇ ਭਰਾ ਨਾਨਬਾਈ ਨੂੰ ਕਿਹਾ ਕਿ ਜਿੰਨੇ ਵੀ ਤੇਰੇ ਕੋਲ 100, 500 ਦੇ ਨੋਟ ਹਨ ਉਹ ਨਾਲ ਲੈ ਲਈ, ਤੇਰੇ ਭਰਾ ਨੇ ਸਾਮਾਨ ਲੈਣ ਲਈ ਮੰਗਵਾਏ ਹਨ। ਇਸ ਤੋਂ ਉਪਰੰਤ ਨਾਨਬਾਈ ਨੂੰ ਨੌਸਰਬਾਜ਼ ਪਿੰਡ ਅਕਾਲਗਡ਼੍ਹ ਕਲਾਂ ਦੇ ਗੁਰਦੁਆਰਾ ਸਾਹਿਬ ਕੋਲ ਲਿਜਾ ਕੇ ਧਮਕੀ ਦਿੱਤੀ ਕਿ ਜਿੰਨੇ ਰੁਪਏ ਤੇਰੇ ਕੋਲ ਹਨ ਮੈਨੂੰ ਦੇ ਦੇ ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਡਰਦੇ ਹੋਏ ਨਾਨਬਾਈ ਨੇ 30 ਹਜ਼ਾਰ ਰੁਪਏ ਨੌਸਰਬਾਜ਼ ਨੂੰ ਦੇ ਦਿੱਤੇ। ਮੌਕੇ ਤੋਂ ਮੋਟਰਸਾਈਕਲ ’ਤੇ ਨੌਸਰਬਾਜ਼ ਫ਼ਰਾਰ ਹੋ ਗਿਆ। ਪੀਡ਼ਤਾਂ ਨੇ ਇਸ ਸਬੰਧੀ ਥਾਣਾ ਸੁਧਾਰ ’ਚ ਸੂਚਨਾ ਦੇ ਦਿੱਤੀ ਪਰ ਸੁਧਾਰ ਪੁਲਸ ਨੇ ਅਜੇ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਸੀ।
