ਖਾਲੜਾ ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਆ ਕਾਬੂ
Sunday, Jan 05, 2020 - 10:25 AM (IST)
ਖਾਲੜਾ/ਭਿੱਖੀਵਿੰਡ (ਭਾਟੀਆ, ਰਾਜੀਵ) : ਬੀ. ਐੱਸ. ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵਲੋਂ ਖਾਲੜਾ ਸੈਕਟਰ ਅਤੇ ਸਰਹੱਦ ਨੇੜਿਓਂ ਇਕ ਪਾਕਿਸਤਾਨੀ ਨਾਗਰਿਕ ਨੂੰ ਸਾਈਕਲ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਲੜਾ ਬਾਰਡਰ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਕਰਮਚਾਰੀ ਡਿਊਟੀ ਦੇ ਰਹੇ ਸਨ ਕਿ 4 ਜਨਵਰੀ ਤੜਕਸਾਰ 3 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਸਾਈਕਲ 'ਤੇ ਸਵਾਰ ਇਕ ਵਿਅਕਤੀ ਤਾਰਾ ਦੇ ਨਾਲ ਬਣੇ ਰਸਤੇ 'ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਡਿਊਟੀ 'ਤੇ ਤਇਨਾਤ ਬੀ. ਐੱਸ. ਐੱਫ. ਦੇ ਜਵਾਨ ਮਨਖੁਸ਼ੀ ਸਿੰਘ ਨੇ ਵੇਖਦਿਆਂ ਹੀ ਰੁਕਣ ਦਾ ਇਸ਼ਾਰਾ ਕੀਤਾ। ਉਸਨੂੰ ਲਲਕਾਰਾ ਮਾਰਦਿਆਂ ਰੁਕਣ ਲਈ ਹਵਾਈ ਫਾਇਰ ਵੀ ਕੀਤੇ। ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਬੁਰਜੀ ਨੰਬਰ 131/13 ਦੇ ਨੇੜੇ ਗੇਟ ਨੰਬਰ 131 ਤੋਂ ਕਾਬੂ ਕਰ ਲਿਆ ਗਿਆ। ਉਸ ਪਾਕਿਸਤਾਨੀ ਨਾਗਰਿਕ ਦੀ ਪਛਾਣ ਤਾਰਿਕ ਮਹਿਮੂਦ ਪੁੱਤਰ ਮੁਨੀਰ ਮਹਿਮੂਦ ਮੁਹੱਲਾ ਮੇਨ ਬਾਜ਼ਾਰ ਸਾਬਵਾੜੀ ਮੁਗਲਪੁਰਾ ਲਾਹੌਰ, ਗਲੀ ਨੰਬਰ 12 ਐੱਸ, ਘਰ ਨੰਬਰ 1.ਬੀ ਵਜੋਂ ਹੋਈ ਹੈ। ਉਸ ਨਾਗਰਿਕ ਕੋਲੋਂ ਇਕ ਸਾਈਕਲ, 78 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ 1 ਮੋਬਾਇਲ ਫੋਨ ਨੋਕੀਆ ਦਾ ਬਰਾਮਦ ਹੋਇਆ ਹੈ।