ਡੇਰਾ ਸਲਾਬਤਪੁਰਾ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ, ਬਦਲਾ ਲੈਣ ਦੀ ਦਿੱਤੀ ਚਿਤਾਵਨੀ
Friday, Jul 08, 2022 - 11:24 AM (IST)
 
            
            ਭਗਤਾ ਭਾਈ(ਪਰਵੀਨ) : ਡੇਰਾ ਰਾਜਗੜ੍ਹ ਸਲਾਬਤਪੁਰਾ ਦੀਆਂ ਵੱਖ-ਵੱਖ ਕੰਧਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖਾਲਿਸਤਾਨ ਪੱਖੀ ਨਾਅਰਿਆਂ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਇਨ੍ਹਾਂ ਨਾਅਰਿਆਂ ਵਿਚ ਖਾਲਿਸਤਾਨ ਜਿੰਦਾਬਾਦ, ਐੱਸ. ਜੇ. ਐੱਫ. ਅਤੇ ਬਦਲਾ ਲਵਾਂਗੇ ਆਦਿ ਲਿਖਿਆ ਹੋਇਆ ਸੀ। ਇਸ ਦਾ ਪਤਾ ਲਗਦਿਆਂ ਹੀ ਐੱਸ. ਪੀ. (ਡੀ.) ਬਠਿੰਡਾ ਤਰੁਨ ਰਤਨ, ਡੀ. ਐੱਸ. ਪੀ. ਫੂਲ ਆਸਵੰਤ ਸਿੰਘ ਅਤੇ ਐੱਸ. ਐੱਚ. ਓ. ਦਿਆਲਪੁਰਾ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲਸ ਨੇ ਨਾਅਰਿਆਂ ਨੂੰ ਜਲਦੀ ਨਾਲ ਮਿਟਾ ਦਿੱਤਾ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਚੋਣਾਂ ਲਈ ਪੱਭਾਂ ਭਾਰ ਹੋਏ ਸਿਮਰਨਜੀਤ ਮਾਨ, ਬਾਦਲ ਪਰਿਵਾਰ ’ਤੇ ਬੋਲਿਆ ਵੱਡਾ ਹਮਲਾ
ਇਸਦੀ ਜ਼ਿੰਮੇਵਾਰੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ ਰਾਹੀਂ ਲੈਂਦਿਆਂ ਕਿਹਾ ਕਿ ਡੇਰਾ ਮੁਖੀ ਸੰਤ ਰਾਮ ਰਹੀਮ ਸਿੰਘ ਵੱਲੋਂ ਸਾਲ 2007 ਵਿਚ ਸਿੱਖ ਗੁਰੂ ਸਾਹਿਬਾਨਾਂ ਦੀ ਬਰਾਬਰੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਬਦਲਾ ਲਿਆ ਜਾਵੇਗਾ ਅਤੇ ਇਹ ਨਾਅਰੇ ਉਸੇ ਕੜੀ ਤਹਿਤ ਲਿਖੇ ਗਏ ਹਨ। ਇਸ ਸਬੰਧੀ ਡੇਰਾ ਸਲਾਬਤਪੁਰਾ ਦੇ 45 ਮੈਂਬਰੀ ਪ੍ਰਬੰਧਕੀ ਕਮੇਟੀ ਹਰਚੰਦ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਕੰਧਾਂ ’ਤੇ ਲਿਖੇ ਗਏ ਇਹ ਖਾਲਿਸਤਾਨ ਪੱਖੀ ਨਾਅਰੇ ਇਹ ਦਰਸਾਉਂਦੇ ਹਨ ਕਿ ਇਹ ਉਨ੍ਹਾਂ ਲੋਕਾਂ ਵੱਲੋਂ ਕੀਤੇ ਗਈ ਸ਼ਰਾਰਤ ਹੈ ਜੋ ਪੰਜਾਬ ਦੀ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਭੰਗ ਕਰਨਾ ਚਾਹੁੰਦੇ ਹਨ। ਥਾਣਾ ਮੁਖੀ ਹਰਨੇਕ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਗੁਰਪਤਵੰਤ ਸਿੰਘ ਪਨੂੰ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੂਬੇ ਦੇ ਲਾਅ ਐਂਡ ਆਰਡਰ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            