ਬਠਿੰਡਾ ’ਚ ਰੇਲਵੇ ਲਾਈਨ ਉਖਾੜ ਕੇ ਲਹਿਰਾਇਆ ‘ਖ਼ਾਲਿਸਤਾਨੀ ਝੰਡਾ’, SFJ ਦੇ ਅੱਤਵਾਦੀ ਪੰਨੂ ਨੇ ਲਈ ਜ਼ਿੰਮੇਵਾਰੀ

Tuesday, Mar 14, 2023 - 08:35 PM (IST)

ਬਠਿੰਡਾ ’ਚ ਰੇਲਵੇ ਲਾਈਨ ਉਖਾੜ ਕੇ ਲਹਿਰਾਇਆ ‘ਖ਼ਾਲਿਸਤਾਨੀ ਝੰਡਾ’, SFJ ਦੇ ਅੱਤਵਾਦੀ ਪੰਨੂ ਨੇ ਲਈ ਜ਼ਿੰਮੇਵਾਰੀ

ਬਠਿੰਡਾ (ਵਿਜੇ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ (ਬਠਿੰਡਾ) ਨੂੰ ਆਉਣ ਵਾਲੀ ਰੇਲਵੇ ਲਾਈਨ ’ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਰੇਲਵੇ ਲਾਈਨ ਨੂੰ ਉਖਾੜ ਕੇ ਖ਼ਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਰੇਲਵੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਘਟਨਾ ਦੀ ਸੂਚਨਾ ਰਾਤ 11 ਵਜੇ ਉਸ ਸਮੇਂ ਮਿਲੀ, ਜਦੋਂ ਥਰਮਲ ਪਲਾਂਟ ਤੋਂ ਰੇਲਵੇ ਇੰਜਣ ਲੋਡ ਕਰਨ ਲਈ ਰਾਮਪੁਰਾ ਤੋਂ ਲਹਿਰਾ ਥਰਮਲ ਪਲਾਂਟ ’ਚ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ’

PunjabKesari

ਇਸ ਦੌਰਾਨ ਜਦੋਂ ਡਰਾਈਵਰ ਦੀ ਨਜ਼ਰ ਰੇਲਵੇ ਟ੍ਰੈਕ 'ਤੇ ਪਏ ਰੇਲ ਗਾਰਡਰ ’ਤੇ ਪਈ ਤਾਂ ਉਸ ਨੇ ਤੁਰੰਤ ਇੰਜਣ ਨੂੰ ਰੋਕ ਦਿੱਤਾ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਧੀ ਦਰਜਨ ਤੋਂ ਵੱਧ ਸ਼ਰਾਰਤੀ ਅਨਸਰਾਂ ਨੇ ਭਾਰੀ ਰੇਲਵੇ ਲਾਈਨ ਨੂੰ ਚੁੱਕ ਕੇ ਪਟੜੀ ’ਤੇ ਰੱਖਿਆ ਅਤੇ ਉਥੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ। ਪਤਾ ਲੱਗਾ ਹੈ ਕਿ ਇਸ ਰੇਲਵੇ ਰੂਟ ’ਤੇ ਡਬਲ ਲਾਈਨ ਦਾ ਕੰਮ ਚੱਲ ਰਿਹਾ ਹੈ, ਜਿਸ ਦਾ ਫਾਇਦਾ ਸ਼ਰਾਰਤੀ ਅਨਸਰਾਂ ਨੇ ਚੁੱਕਿਆ। ਥਰਮਲ ਪਲਾਂਟ ਦੇ ਗੇਟ ਨੰਬਰ 5 ਤੋਂ ਜਿਉਂ ਹੀ ਇੰਜਣ ਚਾਲੂ ਹੋਇਆ ਤਾਂ ਚਾਲਕ ਨੇ ਰੇਲਵੇ ਪਟੜੀ ’ਤੇ ਵਿਘਨ ਪੈਣ ’ਤੇ ਬ੍ਰੇਕ ਮਾਰ ਕੇ ਇੰਜਣ ਨੂੰ ਰੋਕ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ) 

ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਬਠਿੰਡਾ ਅਤੇ ਰਾਮਪੁਰਾ ਸਾਈਡ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਤਕਰੀਬਨ 4 ਘੰਟੇ ਲਈ ਰੋਕ ਦਿੱਤਾ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਥੋਂ ਝੰਡੇ ਅਤੇ ਬੈਨਰ ਹਟਾ ਦਿੱਤੇ, ਜਿਨ੍ਹਾਂ ’ਤੇ ਖ਼ਾਲਿਸਤਾਨ ਦੇ ਹੱਕ ’ਚ ਨਾਅਰੇ ਲਿਖੇ ਹੋਏ ਸਨ। ਥਰਮਲ ਪਲਾਂਟ ਦੀਆਂ ਕੰਧਾਂ 'ਤੇ ‘ਪੰਜਾਬ ਭਾਰਤ ਦਾ ਹਿੱਸਾ ਨਹੀਂ’ ਲਿਖਿਆ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਐੱਸ. ਐੱਫ. ਜੇ. ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਉਸ ਨੇ ਬਠਿੰਡਾ, ਮਖੂ, ਅੰਮ੍ਰਿਤਸਰ ਤੋਂ ਇਲਾਵਾ ਜੀ-20 ਸੰਮੇਲਨ ਵਿਰੁੱਧ ਅਜਿਹੇ ਨਾਅਰੇ ਲਿਖੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਸਾਰੀਆਂ ਥਾਵਾਂ ’ਤੇ ਖਾਲਿਸਤਾਨੀ ਝੰਡੇ ਲਹਿਰਾਏ ਗਏ ਹਨ। ਪੰਨੂ ਨੇ ਰੇਲਵੇ ਟ੍ਰੈਕ ਬਠਿੰਡਾ ਤੋਂ ਕਲਿੱਪ ਨੂੰ ਉਖਾੜਨ ਅਤੇ ਝੰਡਾ ਲਹਿਰਾਉਣ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Manoj

Content Editor

Related News