ਅਮਰਪਾਲ ਸਿੰਘ ਖਹਿਰਾ ਸੈਂਕੜੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ''ਚ ਹੋਏ ਸ਼ਾਮਲ
Sunday, Feb 24, 2019 - 02:57 PM (IST)

ਖਡੂਰ ਸਾਹਿਬ, ਵੈਰੋਵਾਲ (ਗਿੱਲ, ਖਹਿਰਾ) : ਸਥਾਨਕ ਕਸਬੇ ਦੇ ਭਾਈ ਜੋਧ ਜੀ ਹਾਲ ਵਿਖੇ ਪੰਜਾਬੀ ਲੋਕ ਮੋਰਚਾ ਜਥੇਬੰਦੀ ਦੀ ਇਕ ਵਿਸ਼ਾਲ ਮੀਟਿੰਗ ਹੋਈ, ਜਿਸ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆਪਣੀ ਉੱਚ ਲੀਡਰਸ਼ਿਪ ਸਮੇਤ ਵਿਸ਼ੇਸ਼ ਰੂਪ 'ਚ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੰਦੀ ਰਾਜਨੀਤੀ ਕਾਰਨ ਪੰਜਾਬ ਇਸ ਵਕਤ ਭ੍ਰਿਸ਼ਟਾਚਾਰ, ਧੱਕੇਸ਼ਾਹੀਆਂ, ਬੇਰੋਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ । ਪਾਰਟੀਆਂ ਦੇ ਆਗੂ ਝੂਠੇ ਵਾਅਦੇ ਕਰਕੇ ਸਰਕਾਰਾਂ ਤਾਂ ਬਣਾ ਲੈਂਦੇ ਹਨ ਪਰ ਫਿਰ ਲੋਕਾਂ ਦੀ ਬਾਤ ਨਹੀਂ ਪੁੱਛਦੇ, ਜਿਸ ਕਰਕੇ ਪੰਜਾਬ ਦੇ ਲੋਕ ਹੁਣ ਪੁਰਾਣੀਆਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਆਉਣ ਵਾਲੇ ਸਮੇਂ 'ਚ ਨਵੇਂ ਯੁੱਗ ਦੀ ਸਾਫ ਸੁਥਰੀ ਰਾਜਨੀਤੀ ਹੀ ਕਾਮਯਾਬ ਹੋਵੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਲੋਕ ਇਨਸਾਫ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਖਡੂਰ ਸਾਹਿਬ ਵਿਖੇ ਸੈਂਕੜੇ ਵਿਅਕਤੀਆਂ ਦਾ ਪਾਰਟੀ 'ਚ ਸ਼ਾਮਿਲ ਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰੇਕ ਕੰਮ ਕਰਨ ਵਾਲੇ ਵਿਅਕਤੀ ਦਾ ਪਾਰਟੀ 'ਚ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ ਲੋਕ ਮੋਰਚਾ ਜਥੇਬੰਦੀ ਦੇ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ 'ਚ ਅਸਲ ਲੋਕ ਸਮੱਸਿਆਵਾਂ ਨੂੰ ਛੱਡ ਕੇ ਪੁਰਾਣੀਆਂ ਸਿਆਸੀ ਪਾਰਟੀਆਂ ਪਿਛਲੇ ਕਈ ਸਾਲਾਂ ਤੋਂ ਡਰਾਮੇਬਾਜ਼ੀ ਕਰਕੇ ਸੱਤਾ ਦਾ ਆਨੰਦ ਮਾਣਦੀਆਂ ਆ ਰਹੀਆਂ ਹਨ। ਪਰ ਪੰਜਾਬ ਦੀ ਹਾਲਤ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਲੋਕ ਇਨਸਾਫ ਪਾਰਟੀ ਅਤੇ ਇਸਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਹੱਕੀ ਮਸਲਿਆਂ ਲਈ ਲੜਦੇ ਆ ਰਹੇ ਹਨ ਅਤੇ ਦਿੜ੍ਹਤਾ ਨਾਲ ਲੋਕਾਂ ਦੀ ਆਵਾਜ਼ ਬਣ ਕੇ ਵਿਚਰ ਰਹੇ ਹਨ, ਜਿਸ ਕਾਰਨ ਅਸੀਂ ਸੈਂਕੜੇ ਸਾਥੀਆਂ ਸਮੇਤ ਬਿਨਾਂ ਸ਼ਰਤ ਉਨ੍ਹਾਂ ਦੀ ਪਾਰਟੀ 'ਚ ਸ਼ਾਮਿਲ ਹੋ ਕੇ ਉਨ੍ਹਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਉਪਰੰਤ ਸਿਮਰਜੀਤ ਸਿੰਘ ਬੈਂਸ ਨੇ ਸਾਥੀਆਂ ਸਣੇ ਇਤਿਹਾਸਕ ਨਗਰ ਸ੍ਰੀ ਖਡੂਰ ਸਾਹਿਬ ਵਿਖੇ ਗੁਰਦੁਆਰਾ ਖੱਡੀ ਸਾਹਿਬ ਵਿਖੇ ਮੱਥਾ ਟੇਕਿਆ। ਜਿੱਥੇ ਉਨ੍ਹਾਂ ਨੂੰ ਮੈਨੇਜਰ ਪਰਮਜੀਤ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਪ੍ਰਧਾਨ ਖਹਿਰਾ ਤੋਂ ਇਲਾਵਾ ਸੁਖਦੇਵ ਸਿੰਘ ਕੀੜੀਸ਼ਾਹੀ, ਬਾਬਾ ਸੁਖਵੰਤ ਸਿੰਘ ਜਲਾਲਾਬਾਦ, ਜਸਬੀਰ ਸਿੰਘ ਵੈਰੋਵਾਲ, ਸੁਖਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਸੋਹਲ ਮਰਾਦਪੁਰ, ਬਲਬੀਰ ਸਿੰਘ ਬਿੱਲੂ ਆਦਿ ਸੈਂਕੜੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ 'ਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਵਿਧਾਇਕ ਬੈਂਸ ਵਲੋਂ ਸਨਮਾਨਤ ਕੀਤਾ ਗਿਆ।