''ਆਪ'' ਨੇ ਕੀਤੀ ਚੋਣ ਜਾਬਤੇ ਦੀ ਉਲੰਘਣਾ, ਸ਼ਰੇਆਮ ਲਗਾਏ ਪੋਸਟਰ
Sunday, May 05, 2019 - 04:09 PM (IST)
ਖਡੂਰ ਸਾਹਿਬ, ਮੀਆਵਿੰਡ (ਗਿੱਲ, ਕੰਡਾ) : ਲੋਕ ਸਭਾ ਚੋਣਾ ਨੂੰ ਲੈ ਤੇ ਪੰਜਾਬ 'ਚ ਚੋਣ ਜਾਬਤਾ ਲਾਗੂ ਹੈ ਅਤੇ ਸਮੂਹ ਸਰਕਾਰੀ ਇਮਾਰਤਾਂ 'ਤੇ ਕਿਸੇ ਵੀ ਪਾਰਟੀ ਨੂੰ ਆਪਣੇ ਪੋਸਟਰ ਲਗਾਉਣ ਦੀ ਸਖਤ ਮਨਾਹੀ ਹੈ। ਪਰ ਹਲਕਾ ਬਾਬਾ ਬਕਾਲਾ ਦੇ ਪਿੰਡ ਮੀਆਂਵਿੰਡ ਵਿਖੇ ਸਰਕਾਰੀ ਪਸ਼ੂ ਡਿਸਪੈਂਸਰੀ, ਪੰਜਾਬ ਐਂਡ ਸਿੰਧ ਬੈਂਕ, ਕੋਆਪ੍ਰਟਿਵ ਬੈਂਕ ਤੇ ਬੱਸ ਅੱਡੇ 'ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੰਧੂ ਦੇ ਪੋਸਟਰ ਸ਼ਰੇਆਮ ਲੱਗੇ ਹੋਏ ਹਨ।
ਪਿੰਡ ਮੀਆਂਵਿੰਡ ਦੇ ਸਰਕਾਰੀ ਪਸ਼ੂ ਹਸਪਤਾਲ ਦੀ ਦੀਵਾਰ 'ਤੇ ਡਿਪਟੀ ਡਾਇਰੈਕਟਰ ਤਰਨਤਾਰਨ ਦੇ ਹੁਕਮਾਂ ਦੀ ਕਾਪੀ ਵੀ ਲੱਗੀ ਹੋਈ ਸੀ, ਜਿਸ 'ਚ ਸਾਫ ਲਿਖਿਆ ਗਿਆ ਸੀ ਕਿ ਇਥੇ ਚੋਣ ਜਾਬਤੇ ਨੂੰ ਧਿਆਨ 'ਚ ਰੱਖਦੇ ਹੋਏ ਕਿਸੇ ਵੀ ਸਿਆਸੀ ਪਾਰਟੀ ਦਾ ਪੋਸਟਰ ਲਗਾਉਣਾ ਸਖਤ ਮਨ੍ਹਾ ਹੈ। ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ 'ਆਪ' ਦੇ ਉਮੀਦਵਾਰ ਦੇ ਇਸ਼ਤਿਹਾਰ ਹੁਕਮਾਂ ਦੀ ਲੱਗੀ ਕਾਪੀ ਦੇ ਅਹਿਮ ਹੇਠਾਂ ਚਿਪਕਾਇਆ ਗਿਆ ਸੀ ਅਤੇ ਬਾਕੀ ਸਰਕਾਰੀ ਇਮਾਰਤਾਂ 'ਤੇ ਵੀ ਇਸ਼ਤਿਹਾਰ ਲਗਾਏ ਗਏ ਹਨ। ਇਸ ਸਬੰਧੀ ਮਨਿਜੰਦਰ ਸਿੰਘ ਸਿੰਧੂ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ ਨੇ ਕਿਹਾ ਕਿ ਏ.ਆਰ.ਓ ਨੂੰ ਇਸਦੇ ਸਬੰਧੀ ਤੁਰੰਤ ਕਾਰਵਾਈ ਦੇ ਹੁਕਮ ਦਿੱਤਾ ਜਾ ਰਹੇ ਹਨ। ਇਸ ਸਬੰਧੀ ਹਲਕਾ ਬਾਬਾ ਬਕਾਲਾ ਦੇ ਏ. ਆਰ. ਓ. ਐੱਸ . ਡੀ. ਐੱਮ . ਬਾਬਾ ਬਕਾਲਾ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਰੰਤ ਨੋਟਿਸ ਭੇਜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।