ਰਾਜਨੀਤਿਕ ਆਗੂਆਂ ਦੀ ਸੋਸ਼ਲ ਮੀਡੀਆ ਮੁਹਿੰਮ, ਜਨਾਨੀਆਂ ਦੀਆਂ ਜਾਅਲੀ ਆਈ.ਡੀ.ਬਣਾ ਕੀਤੇ ਕਾਰੇ
Friday, Sep 18, 2020 - 06:01 PM (IST)
ਖਡੂਰ ਸਾਹਿਬ (ਗਿੱਲ): ਦੇਸ਼ ਦੀ ਅਜ਼ਾਦੀ ਵੇਲੇ ਲੋਕਾਂ ਕੋਲ ਸਿਰਫ਼ ਰੇਡੀਓ ਅਤੇ ਅਖਬਾਰਾਂ ਹੀ ਖਬਰਾਂ ਦਾ ਮੁੱਖ ਜਰੀਆ ਸਨ ਜੋ ਕਿ ਬਹੁਤ ਘੱਟ ਸਨ ਤੇ ਸਿਆਸਤ ਦੇ ਸ਼ੌਕੀਨ ਲੋਕ ਇਨ੍ਹਾਂ ਰਾਹੀਂ ਹੀ ਖਬਰਾਂ ਸੁਣਦੇ ਸਨ ਤੇ ਪਿੰਡਾਂ ਦੇ ਲੋਕ ਵੀ ਸੱਥਾਂ 'ਚ ਬੈਠ ਕੇ ਦੇਸ਼-ਵਿਦੇਸ਼ ਦੀਆਂ ਖਬਰਾਂ ਸੁਣਦੇ ਸਨ।ਰੇਡੀਓ ਤੋਂ ਬਾਅਦ ਹੌਲੀ-ਹੌਲੀ ਟੈਲੀਵਿਜ਼ਨਾਂ ਨੇ ਜਗ੍ਹਾ ਬਣਾਈ ਤੇ ਲੋਕ ਅਖਬਾਰਾਂ ਤੇ ਟੈਲੀਵਿਜ਼ਨ ਰਾਹੀਂ ਖਬਰਾਂ ਦਾ ਗਿਆਨ ਲੈਣ ਲੱਗੇ। ਉਦੋਂ ਸਿਆਸਤਦਾਨਾਂ ਕੋਲ ਲੋਕਾਂ ਤੱਕ ਪਹੁੰਚ ਕਰਨ ਲਈ ਟੈਲੀਵਿਜ਼ਨ, ਅਖਬਾਰ ਤੇ ਰੇਡੀਓ ਹੀ ਮੁਖ ਜ਼ਰੀਆ ਹੁੰਦੇ ਸਨ। ਕੰਪਿਊੂਟਰ ਯੁੱਗ ਆਉਂਦਿਆਂ ਹੀ ਟੀ.ਵੀ. ਚੈਨਲਾਂ ਦੀ ਗਿਣਤੀ ਵੱਧਣ ਲੱਗੀ ਤੇ ਸਿਆਸਤਦਾਨ ਟੀ.ਵੀ. ਚੈਨਲਾਂ ਦੇ ਮੁਰੀਦ ਬਣ ਗਏ ਤੇ ਆਪਣੀ ਰਾਜਨੀਤੀ ਚਮਕਾਉਣ ਲਈ ਟੀ.ਵੀ ਚੈਨਲਾਂ ਦਾ ਸਹਾਰਾ ਲੈਣ ਲੱਗੇ।ਫੇਸਬੁੱਕ ਤੇ ਵਟਸਐੱਪ ਵਰਗੇ ਅਨੇਕਾਂ ਸੋਸ਼ਲ ਮੀਡੀਆ ਐੱਪ ਆਉਂਦਿਆਂ ਹੀ ਰਾਜਨੀਤਿਕ ਲੋਕਾਂ ਦਾ ਧਿਆਨ ਸੋਸ਼ਲ ਮੀਡੀਆ ਵੱਲ ਜਾਣ ਲੱਗਾ ਤੇ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾ ਲਿਆ ਜੋ ਸਮੇਂ ਦੇ ਨਾਲ ਬਹੁਤਾ ਕਰਗਾਰ ਸਾਬਤ ਹੋਇਆ ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਕਈ ਲੀਡਰਾਂ ਦੀ ਚਮਚਾਗਿਰੀ ਕਰਨ ਵਾਲੇ ਲੋਕਾਂ ਨੇ ਫੇਸਬੁੱਕ 'ਤੇ ਜਨਾਨੀਆਂ ਦੇ ਨਾਮ 'ਤੇ ਜਾਅਲੀ ਆਈ.ਡੀ ਬਣਾ ਕੇ ਤੇ ਝੂਠੀਆਂ ਪੋਸਟਾਂ ਦਾ ਸਹਾਰਾ ਲੈ ਕੇ ਆਪਣੇ ਆਗੂ ਦੀ ਰਾਜਨੀਤੀ ਚਮਕਾਉਣੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਵਿਚ ਆਪਣੇ ਆਧਾਰ ਹੋਣ ਦਾ ਦਾਅਵਾ ਕਰਨ ਲੱਗ ਪਏ।
ਇਹ ਵੀ ਪੜ੍ਹੋ: ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼
ਅਜਿਹਾ ਹੀ ਕੁਝ ਹਲਕਾ ਬਾਬਾ ਬਕਾਲਾ ਵਿਚ ਹੋ ਰਿਹਾ ਹੈ ਤੇ ਹਲਕੇ ਵਿਚ ਆਪਣਾ ਆਧਾਰ ਗੁਆ ਚੁੱਕੇ ਕੁਝ ਸਿਆਸੀ ਆਗੂਆਂ ਦੇ ਚਮਚੇ ਆਪਣੀਆਂ ਨਕਲੀ ਆਈ.ਡੀਆਂ ਫੇਸਬੁੱਕ 'ਤੇ ਬਣਾ ਕੇ ਹਲਕੇ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਪੋਸਟਾਂ ਪਾ ਕੇ ਇਹ ਦਰਸਾ ਰਹੇ ਹਨ ਕਿ ਹਲਕੇ ਦੇ ਲੋਕ ਉਨ੍ਹਾਂ ਨਾਲ ਹਨ ਤੇ ਹਰ ਵੇਲੇ ਉਹ ਔਰਤ ਰੂਪੀ ਮਰਦ ਆਪਣੇ ਆਕਾ ਦੀ ਵਾਹ-ਵਾਹ ਕਰਦੇ ਰਹਿੰਦੇ ਹਨ ਪਰ ਅਸਲੀ ਜ਼ਮੀਨੀ ਹਕੀਕਤ ਇਹ ਹੈ ਕਿ ਉਕਤ ਸਿਆਸੀ ਆਗੂ ਆਪਣਾ ਹਲਕੇ 'ਚ ਲੋਕ ਆਧਾਰ ਗੁਆ ਚੁੱਕੇ ਹਨ ਤੇ ਲੋਕ ਉਨ੍ਹਾਂ ਨੂੰ ਆਪਣਾ ਸਿਆਸੀ ਆਗੂ ਮੰਨਣ ਤੋਂ ਇਨਕਾਰੀ ਨੇ, ਇਸ ਮਸਲੇ ਨੂੰ ਲੈ ਕੇ ਹਲਕੇ ਦੇ ਕਈ ਆਗੂ ਪਾਰਟੀ ਹਾਈਕਮਾਂਡ ਨੂੰ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਜੇਕਰ ਕਿਸੇ ਅਜਿਹੇ ਲੀਡਰ ਨੂੰ ਪਾਰਟੀ ਉਮੀਦਵਾਰ ਬਣਾਉਦੀ ਹੈ ਜੋ ਕਿ ਹਲਕੇ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੋਵੇਗਾ ਤਾਂ ਸਾਨੂੰ ਮਜ਼ਬੂਰੀ ਵੱਸ ਕੋਈ ਹੋਰ ਰਸਤਾ ਲੱਭਣਾ ਪੈ ਸਕਦਾ ਹੈ। ਵਰਨਣਯੋਗ ਹੈ ਕਿ ਜੋ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਵਲੋਂ ਪੜ੍ਹੇ ਲਿਖੇ ਨੌਜਵਾਨ ਨੂੰ ਟਿਕਟ ਮਿਲਣ ਦੇ ਜੋ ਚਰਚੇ ਸਨ ਉਹ ਦਿਨ ਬ ਦਿਨ ਜ਼ੋਰ ਫੜਦੇ ਜਾ ਰਹੇ ਹਨ ਤੇ ਦੱਸਿਆ ਜਾ ਰਿਹਾ ਕਿ ਉਕਤ ਨੌਜਵਾਨ ਦਾ ਭਾਵੇਂ ਪਿਛੋਕੜ ਸਿਆਸਤ ਨਾਲ ਨਹੀਂ ਜੁੜਿਆ ਪਰ ਹਲਕਾ ਬਾਬਾ ਬਕਾਲਾ ਦੇ ਲੋਕਾਂ ਨੂੰ ਆਪਣੇ ਨਾਲ ਵੱਡੇ ਪੱਧਰ 'ਤੇ ਜੋੜਨ ਵਿਚ ਕਾਮਯਾਬ ਹੋ ਰਿਹਾ ਹੈ। ਉੱਥੇ ਹੀ ਸੂਤਰਾਂ ਦੀ ਮੰਨੀਏ ਤਾਂ ਉਕਤ ਨੌਜਵਾਨ ਲਗਾਤਾਰ ਉੱਚ ਕੋਟੀ ਦੇ ਅਕਾਲੀ ਲੀਡਰਾਂ ਦੇ ਵੀ ਸਪੰਰਕ ਵਿਚ ਹੈ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ
ਜਦੋਂ ਜਗਬਾਣੀ ਵਲੋਂ ਗਰਾਊਂਡ ਜ਼ੀਰੋ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ ਉਹ ਆਪਣੀ ਪਿਛਲੀ ਗਲਤੀ ਨੂੰ ਕਦੇ ਵੀ ਦੁਬਾਰਾ ਨਹੀਂ ਦੁਹਰਾਉਣਗੇ ਤੇ ਜੇਕਰ ਅਕਾਲੀ ਹਾਈਕਮਾਂਡ ਨੇ ਜ਼ਬਰੀ ਇਨ੍ਹਾਂ ਫਲਾਪ ਆਗੂਆਂ ਨੂੰ ਉਮੀਦਵਾਰ ਵਜੋਂ ਹਲਕੇ 'ਤੇ ਥੋਪਣਾ ਚਾਹਿਆ ਤਾਂ ਉਹ ਪਾਰਟੀ ਤੋਂ ਕਿਨਾਰਾ ਕਰਨ ਬਾਰੇ ਵੀ ਫੈਸਲਾ ਲੈ ਸਕਦੇ ਹਨ। ਕਈ ਲੋਕਾਂ ਨੇ 'ਤੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਲੀਡਰ ਨੂੰ ਸੇਵਾ ਕਰਨ ਲਈ ਚੁਣਦੇ ਹਨ ਨਾ ਕਿ ਲੋਕਾਂ ਨਾਲ ਧੱਕੇ ਸ਼ਾਹੀਆਂ ਕਰਨ ਲਈ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹਲਕਾ ਬਾਬਾ ਬਕਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇਦਾਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਇਸ ਹਲਕੇ ਤੋਂ ਅਕਾਲੀ ਦਲ ਦੇ ਸਮਰਥਕ ਲਾਵਾਰਿਸ ਘੁੰਮ ਰਹੇ ਨੇ ਤੇ ਇਸ ਡਾਵਾਂਡੋਲ ਬੇੜੀ ਨੂੰ ਪਾਰ ਲਾਉਣ ਵਾਲਾ ਮਲਾਹ ਅਕਾਲੀ ਦਲ ਨੂੰ ਕਦੋਂ ਨਸੀਬ ਹੁੰਦਾ ਹੈ।
ਇਹ ਵੀ ਪੜ੍ਹੋ: ਘਰ 'ਚ ਅੱਗ ਲੱਗਣ ਨਾਲ ਸਵੈ ਰੁਜ਼ਗਾਰ ਕਾਰੋਬਾਰ ਹੋਇਆ ਰਾਖ, ਲੱਖਾਂ ਦੇ ਨੁਕਸਾਨ ਦਾ ਖ਼ਦਸ਼ਾ