ਕੇਵਲ ਸਿੰਘ ਢਿੱਲੋਂ ਅਤੇ ਡਾ. ਸਤੀਸ਼ ਪੂਨੀਆ ਨੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਕੀਤਾ ਨਮਨ

Wednesday, Sep 16, 2026 - 07:03 PM (IST)

ਕੇਵਲ ਸਿੰਘ ਢਿੱਲੋਂ ਅਤੇ ਡਾ. ਸਤੀਸ਼ ਪੂਨੀਆ ਨੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਕੀਤਾ ਨਮਨ

ਫ਼ਾਜ਼ਿਲਕਾ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਅੱਜ ਫ਼ਾਜ਼ਿਲਕਾ ਦੇ ਇਤਿਹਾਸਕ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਪਹੁੰਚ ਕੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਨਮਨ ਕੀਤਾ।

ਦੋਵਾਂ ਆਗੂਆਂ ਨੇ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲਮਾਲਾਵਾਂ ਭੇਟ ਕਰਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਦਿੱਤੀ ਗਈ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਆਸਫਵਾਲਾ ਦੀ ਧਰਤੀ ਸਾਡੇ ਬਹਾਦਰ ਸੈਨਿਕਾਂ ਦੀ ਵੀਰਤਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਗਵਾਹ ਹੈ।

1971 ਦੀ ਜੰਗ ਦੌਰਾਨ ਫ਼ਾਜ਼ਿਲਕਾ ਖੇਤਰ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਦੁਸ਼ਮਣ ਦੀ ਅੱਗੇ ਵਧਦੀ ਕਾਰਵਾਈ ਦਾ ਡਟ ਕੇ ਮੁਕਾਬਲਾ ਕੀਤਾ। ਭਾਰਤੀ ਸੈਨਿਕਾਂ ਨੇ ਫ਼ਾਜ਼ਿਲਕਾ ਖੇਤਰ ਦੀ ਰੱਖਿਆ ਕਰਦਿਆਂ ਸਰਵੋਚ ਬਲਿਦਾਨ ਦਿੱਤਾ।

ਉਨ੍ਹਾਂ ਕਿਹਾ ਕਿ ਜੰਗ ਤੋਂ ਬਾਅਦ 18 ਦਸੰਬਰ 1971 ਨੂੰ ਸ਼ਹੀਦ ਜਵਾਨਾਂ ਦਾ ਸਮੂਹਿਕ ਅੰਤਿਮ ਸਸਕਾਰ ਆਸਫਵਾਲਾ ਵਿਖੇ ਕੀਤਾ ਗਿਆ। ਲਗਭਗ 90 ਫੁੱਟ ਲੰਮੀ ਚਿਤਾ ’ਤੇ ਕੀਤਾ ਗਿਆ ਇਹ ਸਮੂਹਿਕ ਸਸਕਾਰ ਅੱਜ ਵੀ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦਾ ਹੈ। ਇਸੇ ਯਾਦ ਨੂੰ ਸਮਰਪਿਤ ਆਸਫਵਾਲਾ ਸ਼ਹੀਦਾਂ ਕੀ ਸਮਾਧ ਅਤੇ ਵਾਰ ਮੈਮੋਰੀਅਲ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਾ ਮਹੱਤਵਪੂਰਨ ਸਥਾਨ ਹੈ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸਾਡੇ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਸੇਵਾ, ਰਾਸ਼ਟਰੀ ਏਕਤਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਪ੍ਰੇਰਣਾ ਦਿੰਦੀ ਰਹੇਗੀ।

ਡਾ. ਸਤੀਸ਼ ਪੂਨੀਆ ਨੇ ਵੀ ਸ਼ਹੀਦ ਸੈਨਿਕਾਂ ਨੂੰ ਨਮਨ ਕਰਦਿਆਂ ਕਿਹਾ ਕਿ ਆਸਫਵਾਲਾ ਵਾਰ ਮੈਮੋਰੀਅਲ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਬਲਿਦਾਨ ਦੀ ਜੀਵੰਤ ਯਾਦ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਇਤਿਹਾਸ ਅਤੇ ਸੈਨਿਕਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
 


author

Anmol Tagra

Content Editor

Related News