ਨਵੀਆਂ ਜ਼ਿੰਮੇਵਾਰੀਆਂ ਮਿਲਣ ''ਤੇ ਕੇਵਲ ਢਿੱਲੋਂ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ
Saturday, Dec 03, 2022 - 07:13 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੌਮੀ ਪ੍ਰਧਾਨ ਜੇ.ਪੀ ਨੱਡਾ ਜੀ ਦੀ ਰਹਿਨੁਮਾਈ ਹੇਠ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕੀਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਵੱਖ-ਵੱਖ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ 'ਤੇ ਸੰਗਰੂਰ ਤੋਂ ਸਾਬਕਾ ਲੋਕ ਸਭਾ ਉਮੀਦਵਾਰ ਤੇ ਨਵੇਂ ਬਣਾਏ ਉੱਪ-ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਨਵੀਆਂ ਜ਼ਿੰਮੇਵਾਰੀਆਂ ਨਾਲ ਨਿਵਾਜੇ ਜਾਣ ਵਾਲੇ ਸਾਰੇ ਆਗੂਆਂ ਨੂੰ ਵਧਾਈ ਦਿੱਤੀ।
ਉਹਨਾਂ ਪੰਜਾਬ ਭਾਜਪਾ ਦੀ ਨਵੀਂ ਟੀਮ ਨੂੰ ਵਧਾਈ ਦਿੰਦੇ ਹੋਏ ਕਤਰ ਵਿਖੇ ਚੱਲ ਰਹੇ ਫੀਫਾ ਵਰਲਡ ਕੱਪ ਦੀ ਉਦਾਹਰਨ ਦਿੱਤੀ ਤੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਆਪਣੇ ਸਟਾਰ ਖਿਡਾਰੀਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਟੂਰਨਾਮੈਂਟ 'ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ, ਉਸੇ ਤਰ੍ਹਾਂ ਭਾਜਪਾ ਨੇ ਪੰਜਾਬ ਦੀ ਟੀਮ ਲਈ ਵੱਖ-ਵੱਖ ਜ਼ਿਲ੍ਹਿਆਂ 'ਚੋਂ ਸੂਝਵਾਨ ਤੇ ਪੰਜਾਬ ਪ੍ਰਤੀ ਸੁਹਿਰਦ ਆਗੂਆਂ ਦੀ ਚੋਣ ਕੀਤੀ ਹੈ। ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੇਹੱਦ ਫਾਇਦੇਮੰਦ ਸਿੱਧ ਹੋਵੇਗੀ।
ਲੋਕ ਸਭਾ ਚੋਣਾਂ 2024 ਤੇ ਵਿਧਾਨ ਸਭਾ ਚੋਣਾਂ 2027 ਭਾਜਪਾ ਪੰਜਾਬ ਦੀ ਸਭ ਤੋਂ ਵੱਡੀ ਤੇ ਸਥਿਰ ਪਾਰਟੀ ਬਣ ਕੇ ਉੱਭਰੇਗੀ, ਜੋ ਪੰਜਾਬ ਦੇ ਮੁੱਦਿਆਂ ਨੂੰ ਕੌਮੀ ਪੱਧਰ 'ਤੇ ਹੱਲ ਕਰਵਾਏਗੀ। ਪੰਜਾਬ 'ਚ ਪੰਜਾਬੀਆਂ ਲਈ ਆਉਣ ਵਾਲੇ ਸਮੇਂ ਦੌਰਾਨ ਇੱਕ ਮਾਤਰ ਵਿਕਲਪ ਸਿਰਫ਼ ਭਾਜਪਾ ਹੀ ਹੋਵੇਗੀ। ਪੰਜਾਬ ਨੂੰ ਮੁੜ ਤੋਂ ਵਿਕਾਸ ਤੇ ਤਰੱਕੀ ਦੀਆਂ ਲੀਹਾਂ ਤੇ ਸਿਰਫ਼ ਭਾਜਪਾ ਦੀ ਦੂਰ-ਅੰਦੇਸ਼ੀ ਸੋਚ ਹੀ ਲੈ ਕੇ ਜਾ ਸਕਦੀ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਉਹਨਾਂ ਲੀਡਰਸ਼ਿਪ ਦੀ ਪੰਜਾਬ ਪ੍ਰਤੀ ਨੇਕ-ਦਿਲੀ ਤੇ ਫ਼ਰਾਖਦਿਲੀ ਦੀ ਵੀ ਚਰਚਾ ਕੀਤੀ ਤੇ ਕਿਹਾ ਕਿ ਅਹਿਮ ਅਹੁਦਿਆਂ 'ਤੇ ਪੰਜਾਬ 'ਚੋਂ ਹੀ ਆਗੂਆਂ ਦੀ ਚੋਣ ਕਰਨਾ ਸੂਬੇ ਦੇ ਲੋਕਾਂ ਤੇ ਆਗੂਆਂ ਨੂੰ ਅਧਿਕਾਰਤ ਹੱਕ ਦੇਣ ਦੀ ਪਹਿਲਕਦਮੀ ਵੀ ਹੈ। ਜੋ ਕਿ ਵਰਕਰ ਸਾਹਿਬਾਨ ਤੇ ਆਗੂਆਂ ਦੀ ਆਵਾਜ਼ ਬੁਲੰਦ ਕਰਨ ਲਈ ਬੇਹੱਦ ਸ਼ਲਾਘਾਯੋਗ ਕਦਮ ਹੈ।
ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ.ਪੀ ਨੱਡਾ, ਪੰਜਾਬ ਪ੍ਰਭਾਰੀ ਗਜ਼ੇਦਰ ਸ਼ੇਖਾਵਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਸੰਗਠਨ ਦੇ ਇੰਚਾਰਜ ਮੰਤਰੀ ਸ੍ਰੀਨਿਵਾਸਲੂ, ਬੀ.ਐੱਲ ਸੰਤੋਸ਼ ਸੋਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੀ ਧੰਨਵਾਦ ਕੀਤਾ। ਸਾਰੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਹਨਾਂ ਸਾਰੇ ਵਰਕਰਾਂ ਨੂੰ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਆ ਤੇ ਆਉਣ ਵਾਲੇ ਸਮੇਂ ਦੌਰਾਨ ਹਰ ਹਲਕੇ 'ਚ ਭਾਜਪਾ ਨੂੰ ਹਲਕਾ ਵਾਸੀਆਂ ਦੀ ਪਸੰਦੀਦਾ ਪਾਰਟੀ ਬਣਾਉਣ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦੀ ਗੱਲ ਵੀ ਦੁਹਰਾਈ।