ਪਾਣੀ ''ਚ ਡੁੱਬਿਆ ਕੇਰਲਾ ਪਾਣੀ ਨੂੰ ਤਰਸ ਰਿਹਾ (ਤਸਵੀਰਾਂ)

Wednesday, Aug 22, 2018 - 07:31 PM (IST)

ਪਾਣੀ ''ਚ ਡੁੱਬਿਆ ਕੇਰਲਾ ਪਾਣੀ ਨੂੰ ਤਰਸ ਰਿਹਾ (ਤਸਵੀਰਾਂ)

ਕੇਰਲਾ (ਰਮਨਦੀਪ ਸਿੰਘ ਸੋਢੀ) : 100 ਸਾਲਾਂ 'ਚ ਪਹਿਲੀ ਵਾਰ ਕੇਰਲਾ 'ਚ ਆਈ ਹਾਈ ਮਾਰੂ ਬਾਰਿਸ਼ ਕਾਰਨ ਆਏ ਹੜ੍ਹਾਂ ਨੇ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ ਹੈ। ਇੱਥੇ 14 ਵਿਚੋਂ 12 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ ਹੈ। ਇਕੱਲੇ ਕੁਡਾਗੂ ਜ਼ਿਲੇ 'ਚ 97 ਫੀਸਦੀ ਲੋਕ ਪ੍ਰਭਾਵਿਤ ਹੋਏ ਹਨ। ਇੱਥੋਂ ਦਾ ਮੁੱਖ ਆਵਾਜਾਈ ਮਾਰਗ 2 ਘੰਟੇ ਦੇ ਸਫਰ ਨੂੰ 8 ਘੰਟੇ 'ਚ ਪੂਰਾ ਕਰ ਰਿਹਾ ਹੈ। ਪੈਟਰੋਲ-ਡੀਜ਼ਲ ਤੋਂ ਲੈ ਕੇ ਬਿਜਲੀ, ਬੁਨਿਆਦੀ ਸਹੂਲਤਾਂ ਸਾਫ ਪਾਣੀ ਦਾ ਵੱਡਾ ਸੰਕਟ ਹੈ। ਫਿਲਹਾਲ ਪਾਣੀ ਦਾ ਪੱਧਰ ਕਈ ਇਲਾਕਿਆਂ 'ਚ ਹੇਠਾਂ ਗਿਆ ਹੈ ਪਰ ਮਾਹਰਾਂ ਮੁਤਾਬਕ ਪਾਣੀ ਦਾ ਪੱਧਰ ਘੱਟਣ ਲਈ ਅਜੇ ਘੱਟੋ-ਘੱਟ 15 ਦਿਨ ਦਾ ਸਮਾਂ ਲੱਗੇਗਾ।
PunjabKesari

ਨੁਕਸਾਨ
ਮੰਨਿਆ ਜਾ ਰਿਹਾ ਹੈ ਕਿ ਕੇਰਲਾ 'ਚ 20 ਹਜ਼ਾਰ ਕਰੋੜ ਦਾ ਭਾਰੀ ਨੁਕਸਾਨ ਹੈ। ਇਸ ਨੁਕਸਾਨ 'ਚ ਕੇਰਲ ਦੇ ਸ਼ਹਿਰੀ ਇਲਾਕਿਆਂ ਦੇ ਨਾਲ ਨਾਲ 800 ਪਿੰਡ ਪ੍ਰਭਾਵਿਤ ਹੋਏ ਹਨਸ਼ ਖੇਤੀਬਾੜੀ ਸੈਕਟਰ 'ਚ 43 ਹਜ਼ਾਰ ਏਕੜ ਦੀ ਫਸਲ ਬਰਬਾਦ ਹੋ ਚੁੱਕੀ ਹੈ। 50 ਹਜ਼ਾਰ ਤੋਂ ਵੱਧ ਮਾਲ ਪਸ਼ੂ ਜੀਵ ਜੰਤੂਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ 400 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।ਮੰਨਿਆ ਜਾ ਰਿਹਾ ਹੈ ਕਿ ਕੇਰਲਾ 'ਚ ਇਹ 1924 ਦੇ ਮਾਨਸੂਨ ਤ੍ਰਾਸਦੀ ਤੋਂ ਵੀ ਵੱਡੀ ਹੜ੍ਹਾਂ ਦੀ ਮਾਰ ਹੈ।10 ਲੱਖ ਤੋਂ ਵੱਧ ਲੋਕ ਕੈਂਪਾਂ 'ਚ ਆਸਰਾ ਲੈ ਕੇ ਬੈਠੇ ਹਨ।
PunjabKesari

ਕੇਰਲਾ ਦੀ ਆਰਥਿਕਤਾ 'ਚ ਵੱਡਾ ਹਿੱਸਾ ਸੈਰ ਸਪਾਟਾ, ਪਲਾਈਵੁੱਡ, ਰਬੜ, ਚਾਹ ਅਤੇ ਕੇਲਾ ਕਾਰੋਬਾਰ ਦਾ ਹੈ।ਜਾਣਕਾਰੀ ਮੁਤਾਬਕ ਪਲਾਈਵੁੱਡ ਖੇਤਰ 'ਚ ਕੱਚੇ ਮਾਲ ਸਮੇਤ 400 ਯੂਨਿਟ ਠੱਪ ਹੋ ਗਏ ਹਨ।ਚੌਲ ਮਿੱਲਾਂ 'ਚ 70 ਵਿਚੋਂ 40 ਮਿਲਾਂ ਬਰਬਾਦ ਹੋ ਗਈਆਂ ਹਨ। ਰਬੜ ਅਤੇ ਚਾਹ ਦੇ ਕਾਰੋਬਾਰ 'ਚ 420-430 ਕਰੋੜ ਦੇ ਨੁਕਸਾਨ ਦੀ ਸੰਭਾਵਨਾ ਹੈ। ਖਾਣ-ਪੀਣ ਦੀਆਂ ਵਸਤੂਆਂ ਤੋਂ ਲੈਕੇ ਪੈਟਰੋਲ ਡੀਜ਼ਲ, ਬਿਜਲੀ ਪਾਣੀ ਦੀ ਵੱਡੀ ਘਾਟ ਹੈ। ਨਿੱਜੀ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਸਰਵਿਸ ਸਟੇਸ਼ਨ 'ਤੇ ਭੀੜ ਬਣੀ ਹੋਈ ਹੈ।
PunjabKesari

ਕੇਰਲਾ 'ਚ ਸਹਾਇਤਾ
ਭਾਰਤੀ ਫੌਜ, ਡੋਗਰਾ ਰੇਜ਼ੀਮੈਂਟ, ਨੈਸ਼ਨਲ ਡਿਜ਼ਾਸਟਰ ਰਲੀਫ ਫੰਡ, ਸੂਬਾਈ ਰਲੀਫ ਇਕਾਈ, ਹੋਮ ਗਾਰਡ, ਸਿਵੀਲੀਅਨ ਡਿਫੈਂਸ, 200 ਐੱਨ.ਸੀ.ਸੀ ਕੈਡੇਟ, ਦਮਕਲ ਅਤੇ ਐਮਰਜੈਂਸੀ ਸੇਵਾਵਾਂ ਦੇ ਮਹਿਕਮੇ ਸਮੇਤ ਗੈਰ ਸਰਕਾਰੀ ਸੰਸਥਾਵਾਂ ਕੇਰਲਾ 'ਚ ਆਪੋ ਆਪਣੀ ਜ਼ਿੰਮੇਵਾਰੀਆਂ ਨਾਲ ਬੇਪਨਾਹ ਸਹਾਇਤਾ ਕਾਰਜਾਂ ਨਾਲ ਸੇਵਾ ਨਿਭਾਅ ਰਹੀਆਂ ਹਨ। ਸਿਹਤ ਸਹੂਲਤਾਂ 'ਚ 3000 ਮੈਡੀਕਲ ਕੈਂਪ ਸਥਾਪਿਤ ਕੀਤੇ ਗਏ ਹਨ। ਇਸ ਦੌਰਾਨ ਮੁੰਬਈ ਤੋਂ ਵੀ 70 ਡਾਕਟਰਾਂ ਦੀ ਟੀਮ ਕੇਰਲਾ ਪਹੁੰਚੀ ਹੈ ਅਤੇ ਹਿੰਡੋਨ ਮਹਾਰਾਸ਼ਟਰ ਤੋਂ 60 ਟਨ ਦਵਾਈਆਂ ਦੀ ਸਹਾਇਤਾ ਵੀ ਪਹੁੰਚੀ ਹੈ। ਸਰਕਾਰ ਨੇ ਖਾਸ ਫੈਸਲਾ ਲੈਂਦਿਆਂ ਮੁਫਤ ਬੱਸ ਸੇਵਾ ਅਤੇ ਜਿੱਥੇ ਮੈਟਰੋ ਸੇਵਾ ਚੱਲ ਸਕਦੀ ਹੈ ਉੱਥੇ ਮੁਫਤ ਮੈਟਰੋ ਸੇਵਾਵਾਂ ਜਾਰੀ ਕੀਤੀਆਂ ਹਨ। ਆਵਜਾਈ ਦੌਰਾਨ ਪੂਰੇ ਸੂਬੇ ਨੂੰ ਟੋਲ ਫ੍ਰੀ ਸਟੇਟ ਬਣਾਇਆ ਗਿਆ ਹੈ ਅਤੇ ਮਦਦ ਲਈ ਪਹੁੰਚ ਰਹੀ ਸਹਾਇਤਾ ਸਮੱਗਰੀ ਨੂੰ ਜੀ.ਐੱਸ.ਟੀ ਤੋਂ ਛੋਟ ਦਿੱਤੀ ਹੈ।

PunjabKesari

ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1.18 ਲੱਖ ਟਨ ਅਨਾਜ ਦੀ ਮਦਦ ਮੰਗੀ ਸੀ। ਇਸ ਤੋਂ ਇਲਾਵਾ ਉਨ੍ਹਾਂ 2600 ਕਰੋੜ ਦੀ ਮੰਗ ਹੋਰ ਕੀਤੀ ਹੈ। ਨੈਸ਼ਨਲ ਫੂਡ ਸਕਿਓਰਿਟੀ ਐਕਟ ਅਧੀਨ ਅਨਾਜ ਦੀ ਪੂਰਤੀ ਹੋ ਚੁੱਕੀ ਹੈ।ਨੈਸ਼ਨਲ ਕ੍ਰਾਈਸਸ ਮੈਨੇਜਮੈਂਟ ਕਮੇਟੀ ਦੇ ਪੀ.ਕੇ. ਸਿਨਹਾ ਮੁਤਾਬਕ 89, 540 ਟਨ ਵਾਧੂ ਅਨਾਜ ਪਹੁੰਚਾਇਆ ਗਿਆ ਹੈ। ਇਸ ਦੌਰਾਨ 80 ਟਨ ਦਾਲਾਂ ਰੋਜ਼ਾਨਾਂ ਪਹੁੰਚਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ 600 ਕਰੋੜ ਦੀ ਸਹਾਇਤਾ ਦਿੱਤੀ ਗਈ ਹੈ।ਇਸ ਸਹਾਇਤਾ 'ਚੋਂ 500 ਕਰੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਹੱਈਆ ਕਰਵਾਈ ਗਈ ਹੈ ਅਤੇ 100 ਕਰੋੜ ਦਾ ਐਲਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤਾ ਗਿਆ ਹੈ। 
PunjabKesari

ਫਿਲਹਾਲ ਹਾਲਾਤ ਇਹ ਹਨ ਕਿ ਵਿੱਤੀ ਸਹਾਇਤਾ ਦੇ ਨਾਲ-ਨਾਲ ਕੇਰਲਾ 'ਚ ਬੁਨਿਆਦੀ ਸਹੂਲਤਾਂ, ਬਿਜਲੀ, ਆਵਾਜਾਈ, ਸਾਫ ਪਾਣੀ ਅਤੇ ਬਿਮਾਰੀਆਂ ਦੀ ਰੋਕਥਾਮ ਤਾਂ ਇਕ ਚਣੌਤੀ ਹੈ ਹੀ ਪਰ ਤਰਖਾਨ,ਪਲੰਬਰ,ਤਕਨੀਕੀ ਮਾਹਰ, ਮਿਸਤਰੀ ਅਤੇ ਹੋਰ ਰੋਜ਼ਾਨਾਂ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਵਸਤਾਂ ਲਈ ਭਾਰੀ ਮਾਤਰਾ 'ਚ ਬੰਦਿਆਂ ਦੀ ਲੋੜ ਪਵੇਗੀ। ਕੇਰਲਾ ਦਾ ਸਮੁੱਚਾ ਢਾਂਚਾ ਉਸਾਰਨਾ ਇਕ ਪੱਧਰ 'ਤੇ ਕੰਮ ਹੈ ਤਾਂ ਦੂਜੇ ਪੱਧਰ 'ਤੇ ਲੋਕਾਂ ਲਈ ਮੁੜ ਵਸੇਬੇ ਵਜੋਂ ਚਿੱਕੜ ਤੋਂ ਸਾਫ ਸਫਾਈ ਕਰ ਸਾਫ ਘਰ ਮਹੁੱਈਆ ਕਰਵਾਉਣਾ ਵੀ ਮੁੱਢਲੀ ਲੋੜਾਂ 'ਚ ਸ਼ਾਮਲ ਹੈ।
PunjabKesari

ਲੋਕਾਂ ਦੇ ਨੇਵੀ ਬਣੀ ਫਰਸ਼ਿਤਾ
27 ਜਹਾਜ਼, 49 ਹੈਲੀਕਾਪਟਰ ਅਤੇ ਭਾਰਤੀ ਫੌਜ ਦਿਨ ਰਾਤ ਹੜ੍ਹਾਂ ਦੌਰਾਨ ਕੇਰਲਾ ਦੇ ਲੋਕਾਂ ਲਈ ਸਹਾਇਤਾ ਕਾਰਜਾਂ 'ਚ ਰੁਝੀ ਹੋਈ ਹੈ। ਭਾਰਤੀ ਜਲ ਸੇਨਾ ਦੇ ਉੱਧਮਾਂ ਲਈ ਲੋਕਾਂ ਦਾ ਅਥਾਹ ਸ਼ੁਕਰਾਨਾ ਹੈ। ਨਿੱਕੀਆਂ-ਨਿੱਕੀਆਂ ਖੁਸ਼ੀਆਂ ਲੋਕਾਂ ਨੂੰ ਉਮੀਦ ਦੇ ਰਹੀਆਂ ਹਨ। ਫੌਜ ਔਖੇ ਤੋਂ ਔਖੇ ਹਾਲਾਤ 'ਚ ਨਿਰੰਤਰ ਕੰਮ ਕਰ ਰਹੀ ਹੈ। ਲੋਕ ਕਦੀ ਛੱਤ 'ਤੇ ਧੰਨਵਾਦ ਲਿਖ ਕੇ ਸ਼ੁਕਰਾਨਾ ਕਰਦੇ ਹਨ। ਕਦੇ ਤਸਵੀਰਾਂ ਖਿੱਚ ਕੇ ਧੰਨਵਾਦ ਕਰ ਰਹੇ ਹਨ। ਫੌਜ ਵੱਲੋਂ ਹੁਣ ਤੱਕ 30000 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਕੇਰਲਾ 'ਚ ਫੌਜ ਨੂੰ ਨਵਾਂ ਨਾਮ ਦਿੱਤਾ ਗਿਆ ਹੈ- ਫਰਸ਼ਿਤੇ। 

ਖ਼ਾਲਸਾ ਏਡ ਦੀ ਸੇਵਾ !
ਦੁਨੀਆਂ 'ਚ ਜਿੱਥੇ ਵੀ ਕੁਦਰਤੀ ਆਫਤਾਂ ਜਾਂ ਜੰਗਾਂ-ਯੁੱਧਾਂ 'ਚ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਤਾਂ ਖ਼ਾਲਸਾ ਏਡ ਆਪਣੀਆਂ ਸੇਵਾਵਾਂ ਨਾਲ ਉੱਥੇ ਪਹੁੰਚ ਜਾਂਦੀ ਹੈ। ਖ਼ਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਮੁਤਾਬਕ 17 ਅਗਸਤ ਨੂੰ ਉਹ ਕੇਰਲਾ ਪਹੁੰਚੇ ਸਨ। ਸ਼ੁਰੂਆਤ 'ਚ ਅਸੀਂ ਆਪਣੇ 6 ਵਾਲੰਟੀਅਰਾਂ ਨਾਲ ਸਥਾਨਕ ਗੁਰੂ ਸਿੰਘ ਸਭਾ ਗੁਰਦੁਆਰੇ ਤੋਂ ਰਸੋਈ ਤਿਆਰ ਕਰਕੇ ਕੈਪਾਂ ਤੱਕ ਭੋਜਨ ਮੁਹੱਈਆ ਕਰਵਾਇਆ ਸੀ ਪਰ ਸਾਨੂੰ ਅਗਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਸਹਾਇਤਾ ਨੂੰ ਹੋਰ ਵਧਾਉਣਾ ਪਵੇਗਾ ਸੋ ਅਸੀਂ ਰਾਜੀਵ ਗਾਂਧੀ ਸਟੇਡੀਅਮ ਤੋਂ ਰਸੋਈ ਤਿਆਰ ਕਰ ਰਹੇ ਹਾਂ। ਇਸ ਦੌਰਾਨ 23 ਵਾਲੰਟੀਅਰ ਹੋਰ ਪਹੁੰਚੇ ਹਨ ਅਤੇ ਅਸੀਂ ਸਵੇਰੇ 5 ਵਜੇ ਤੋਂ ਰਾਤੀ 11 ਵਜੇ ਤੱਕ ਸੇਵਾ ਦੇ ਕਾਰਜਾਂ 'ਚ ਹਾਂ।
ਖ਼ਾਲਸਾ ਏਡ ਆਪਣੀ ਰਸੋਈ ਤੋਂ ਰੋਜ਼ਾਨਾ 5000 ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰ ਰਹੀ ਹੈ। ਤਿੰਨੋ ਵੇਲੇ ਦਾ ਭੋਜਨ ਖ਼ਾਲਸਾ ਏਡ ਦੀ ਰਸੋਈ 'ਚ ਚੌਲ, ਸਾਂਬਰ, ਦਾਲ ਅਤੇ ਆਚਾਰ ਹੈ ਅਤੇ ਹੁਣ ਤੱਕ 1 ਲੱਖ ਡੱਬੇ ਵੰਡੇ ਜਾ ਚੁੱਕੇ ਹਨ।ਅਮਰਪ੍ਰੀਤ ਸਿੰਘ ਮੁਤਾਬਕ ਇਸ ਦੌਰਾਨ ਸਥਾਨਕ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਅਤੇ ਉਹ ਵੀ ਸਾਡੀ ਸਹਾਇਤਾ ਲਈ ਸੇਵਾ 'ਚ ਸ਼ਾਮਲ ਹੋ ਰਹੇ ਹਨ ਅਤੇ ਕੁਝ ਜਵਾਨ ਨੇਵੀ ਦੇ ਵੀ ਸਾਡੀ ਸਹਾਇਤਾ ਕਰ ਰਹੇ ਹਨ। ਇਸ ਦੌਰਾਨ ਸਾਡੀ ਫਿਕਰ ਹੁਣ ਅੱਗੇ ਦੀ ਹੈ।ਇਸ ਲਈ ਅਸੀਂ ਸਪੈਸ਼ਲ ਕਿਟ ਤਿਆਰ ਕਰ ਰਹੇ ਹਾਂ ਜਿਸ 'ਚ ਸਾਬਣ, ਬੁਰਸ਼, ਸੈਨੇਟਰੀ ਪੈਡ, ਸਰਫ ਅਤੇ ਰੋਜ਼ਾਨਾ ਲੋੜ ਦਾ ਸਮਾਨ ਹੋਵੇਗਾ। ਇਸ ਤੋਂ ਇਲਾਵਾ ਅਸੀਂ ਇਲਾਕਿਆਂ ਦਾ ਦੌਰਾ ਕਰ ਰਹੇ ਹਾਂ ਤਾਂ ਕਿ ਮੁੜ ਵਸੇਬੇ ਦੌਰਾਨ ਅਸੀਂ ਸਥਾਨਕ ਲੋਕਾਂ ਦੀ ਮਦਦ ਕਰ ਸਕੀਏ। ਅਮਰਪ੍ਰੀਤ ਸਿੰਘ ਮੁਤਾਬਕ ਖ਼ਾਲਸਾ ਏਡ ਵੱਲੋ ਕੇਰਲਾ 'ਚ ਸੇਵਾ ਦੇ ਕਾਰਜ ਅਣਮਿੱਥੇ ਸਮੇਂ ਲਈ ਹਨ।ਜਿਉਂ ਜਿਉਂ ਕੇਰਲਾ 'ਚ ਲੋੜ ਵੱਧਦੀ ਜਾਵੇਗੀ ਤਿਉਂ-ਤਿਉਂ ਸਾਡੇ ਕਾਰਜ ਅਤੇ ਮਿਆਦ ਵੱਧਦੀ ਜਾਵੇਗੀ।

PunjabKesari

ਖ਼ਾਲਸਾ ਏਡ ਦੇ ਸੇਵਾ ਕਾਰਜਾਂ 'ਚ ਰਣਦੀਪ ਹੁੱਡਾ ਵੀ ਆ ਕੇ ਸ਼ਾਮਲ ਹੋਏ ਹਨ। ਰਣਦੀਪ ਮੁਤਾਬਕ ਉਹ ਖ਼ਾਲਸਾ ਏਡ ਦੇ ਵਾਲੰਟੀਅਰ ਹਨ ਅਤੇ ਕੇਰਲਾ 'ਚ ਉਹ ਬਤੌਰ ਵਾਲੰਟੀਅਰ ਸੇਵਾ ਕਰਨ ਪਹੁੰਚੇ ਹਨ। ਰਣਦੀਪ ਮੁਤਾਬਕ ਕੁਦਰਤੀ ਆਫਤਾਂ 'ਤੇ ਸਾਡਾ ਜ਼ੋਰ ਨਹੀਂ ਪਰ ਉਸ ਤੋਂ ਬਾਅਦ ਜ਼ਿੰਦਗੀ ਨੂੰ ਲੀਹੇ ਲਿਆਉਣ ਲਈ ਸਾਨੂੰ ਹੱਥ ਨਾਲ ਹੱਥ ਜੋੜ ਸੇਵਾ ਅਤੇ ਮਦਦ ਕਰਨੀ ਚਾਹੀਦੀ ਹੈ।


Related News