ਕੇਜਰੀਵਾਲ ਪੰਜਾਬ ਪੁਲਸ ਦਾ ਇਸਤੇਮਾਲ ਕਰ ਕੇ ਦਿੱਲੀ ’ਚ ਕੱਢ ਰਹੇ ਨਿੱਜੀ ਰੰਜਿਸ਼ਾਂ : ਨਵਜੋਤ ਸਿੱਧੂ

Saturday, May 07, 2022 - 11:44 AM (IST)

ਬਟਾਲਾ (ਬੇਰੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪੁਲਸ ਦਾ ਇਸਤੇਮਾਲ ਕਰ ਕੇ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਦੀ ਕੋਸ਼ਿਸ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਜੋ ਕਹਿੰਦੇ ਹਨ, ਉਹੀ ਰੱਬ ਦਾ ਫਰਮਾਨ ਹੈ ਅਤੇ ਜੋ ਇਸਦਾ ਵਿਰੋਧ ਕਰੇਗਾ ਉਸ ’ਤੇ ਪੁਲਸ ਦਾ ਡੰਡਾ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਅਵਾਜ਼ ਨੂੰ ਦੁਬਾਉਣ ਲਈ ਅੱਜ ਕੇਜਰੀਵਾਲ ਵੱਲੋਂ ਪੰਜਾਬ ਪੁਲਸ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਿੱਤੇ ਹੋਏ ਵਿਧਾਇਕਾਂ ਦੀ ਸੁਰੱਖਿਆ ਵੀ ਘਟਾ ਰਹੀ ਹੈ, ਜੋ ਕਿ ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਕੋਈ ਨੇਤਾ ਮਰੇਗਾ, ਉਦੋਂ ਹੀ ਭਗਵੰਤ ਮਾਨ ਸਰਕਾਰ ਜਾਗੇਗੀ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਗੁਜਰਾਤ ਦੌਰੇ ਦੌਰਾਨ ਪੰਜਾਬ ਦੇ 45 ਲੱਖ ਰੁਪਏ ਖਰਚੇ ਗਏ ਹਨ ਜਦਕਿ ਇਨ੍ਹਾਂ ਕੋਲ ਸਰਕਾਰ ਚਲਾਉਣ ਲਈ ਪੈਸੇ ਨਹੀਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ 25 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਪਰ ਸਰਕਾਰ ਖਾਮੋਸ਼ ਹੈ। ਕਾਂਗਰਸ ਹਾਈਕਮਾਂਡ ਵੱਲੋਂ ਬੁਲਾਈ ਗਈ ਅਨੁਸ਼ਾਸਨਾਤਮਕ ਕਮੇਟੀ ਦੀ ਮੀਟਿੰਗ ਸਬੰਧੀ ਪੁੱਛੇ ਗਏ ਸਵਾਲ ਨੂੰ ਨਵਜੋਤ ਸਿੰਘ ਸਿੱਧੂ ਟਾਲਦੇ ਨਜ਼ਰ ਆਏ ਅਤੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਪੰਜਾਬ ਦੇ ਮੁੱਦੇ ਚੁੱਕਦੇ ਰਹੇ ਹਨ ਅਤੇ ਅਗਾਂਹ ਵੀ ਚੁੱਕਦੇ ਰਹਿਣਗੇ। ਇਸ ਮੌਕੇ ਸਾਬਕਾ ਚੇਅਰਮੈਨ ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਭੋਲਾ ਪੁਰੀ, ਕੌਂਸਲਰ ਅਨਿਲ ਕੁਮਾਰ ਬੱਬੀ ਸੇਖੜੀ, ਅਸ਼ਵਨੀ ਮਲਹੋਤਰਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News