ਕੇਜਰੀਵਾਲ ਦਿੱਲੀ ਦੇ ਵਾਤਾਵਰਣ ਨੂੰ ਬਚਾਉਣ ’ਚ ਹੋਈ ਨਾਕਾਮੀ ’ਤੇ ਪਰਦਾ ਪਾਉਣਾ ਬੰਦ ਕਰਨ : ਕੈਪਟਨ
Friday, Oct 16, 2020 - 12:34 AM (IST)
ਚੰਡੀਗੜ੍ਹ,(ਅਸ਼ਵਨੀ)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਵਲੋਂ ਪ੍ਰਦੂਸ਼ਣ ’ਤੇ ਜਾਰੀ ਅੰਕੜਿਆਂ ਨੂੰ ਲੈ ਕੇ ਦਿੱਤੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਹੈ। ਜਾਵਡੇਕਰ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ 2.5 ਪਾਰਟੀਕਲ ਮੈਟਰ ਵਿਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦਾ ਹਿੱਸਾ ਮਹਿਜ 4 ਫੀਸਦੀ ਹੈ ਅਤੇ ਬਾਕੀ ਸਥਾਨਕ ਕਾਰਨਾਂ ਦਾ ਯੋਗਦਾਨ ਹੈ। ਕੈ. ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਇਸ ਮੁੱਦੇ ਬਾਰੇ ਆਏ ਵਿਸਥਾਰਤ ਅਧਿਐਨ ਦੇ ਨਤੀਜਿਆਂ ਨੂੰ ਨਾ ਪ੍ਰਵਾਨ ਕਰਨ ਲਈ ਸਖਤ ਆਲੋਚਨਾ ਕੀਤੀ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਕੌਮੀ ਰਾਜਧਾਨੀ ਦੇ ਵਾਤਾਵਰਣ ਨੂੰ ਬਚਾਉਣ ਵਿਚ ਹੋਈ ਆਪਣੀ ਨਾਕਾਮੀ ’ਤੇ ਪਰਦਾ ਪਾਉਣ ਅਤੇ ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਝੂਠ ਬੋਲਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਇਸ ਮੁੱਦੇ ’ਤੇ ਪੰਜਾਬ ਸਰਕਾਰ ਦੇ ਪੱਖ ਦੀ ਪੁਸ਼ਟੀ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਕਿ ‘ਨਾ ਮੰਨਣ ਨਾਲ ਕੋਈ ਸਹਾਇਤਾ ਨਹੀਂÄ ਹੋਣੀ’ ਬਾਰੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਨੇ ਕਿਹਾ ਕਿ ਅਸਲ ਵਿਚ ਇਹ ਕੇਜਰੀਵਾਲ ਹੈ, ਜਿਸ ਨੇ ਸੱਚਾਈ ਤੋਂ ਮੁਖ ਮੋੜਿਆ ਹੈ। ਜੇਕਰ ਕੇਜਰੀਵਾਲ ਦਿੱਲੀ ਦੇ ਸੰਕਟ ਨਾਲ ਨਜਿੱਠਣ ਲਈ ਗੰਭੀਰ ਹੈ, ਤਾਂ ਉਸ ਨੂੰ ਤੁਰੰਤ ਸੱਚਾਈ ਨੂੰ ਨਾ ਮੰਨਣਾ ਛੱਡ ਕੇ ਢੁੱਕਵੇਂ ਹੱਲ ਲੱਭਣ ਲਈ ਤਹਿ ਤੱਕ ਜਾ ਕੇ ਕੰਮ ਕਰਨਾ ਚਾਹੀਦਾ ਹੈ।
‘ਅੱਜ ਵੀ, ਪੰਜਾਬ ਵਿਚ ਅਸਮਾਨ ਸਾਫ਼ ਹੈ ਅਤੇ ਹਵਾ ਗੁਣਵੱਤਾ ਸੂਚਕ ਦਿੱਲੀ ਦੇ ਮੁਕਾਬਲੇ ਬਹੁਤ ਵਧੀਆ ਹੈ’, ਇਹ ਟਿੱਪਣੀ ਕਰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਬੱਚਾ ਵੀ ਦੋਵਾਂ ਵਿਚਲਾ ਫਰਕ ਦੇਖ ਸਕਦਾ ਹੈ।