ਕੇਜਰੀਵਾਲ ਨੇ ਮੁੜ ਚੁੱਕਿਆ ਪੰਜਾਬ ਦੇ ਸਕੂਲਾਂ ਦਾ ਮੁੱਦਾ, ਅਧਿਆਪਕਾਂ ਦੀ ਕੀਤੀ ਤਾਰੀਫ਼
Sunday, Dec 12, 2021 - 04:06 PM (IST)
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਸਿੱਖਿਆ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਸਿੱਖਿਆ ਦਾ ਹਾਲ ਬਹੁਤ ਮਾੜਾ ਹੈ ਤੇ ਸਰਕਾਰੀ ਸਕੂਲਾਂ 'ਚ ਬਿਲਕੁਲ ਵੀ ਪੜ੍ਹਾਈ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਅਧਿਆਪਕਾਂ ਨੂੰ ਮਿਲਿਆ ਹਾਂ, ਉਹ ਬਹੁਤ ਚੰਗੇ ਹਨ ਪਰ ਸਰਕਾਰ ਦੀਆਂ ਨੀਤੀਆਂ ਕਾਰਨ ਦੁਖੀ ਹਨ।ਕੇਜਰੀਵਾਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗ਼ਰੀਬਾਂ, ਅਨੁਸੂਚਿਤ ਜਾਤੀਆਂ ਦੇ 24 ਲੱਖ ਬੱਚਿਆਂ ਦਾ ਭਵਿੱਖ ਦਾਅ 'ਤੇ ਹੈ।
ਇਹ ਵੀ ਪੜ੍ਹੋ: ਰਾਣਾ ਗੁਰਜੀਤ ਤੇ ਨਵਤੇਜ ਚੀਮਾ ਦੀ ਸਿਆਸੀ ਜੰਗ 'ਚ ਸਿੱਧੂ ਦੀ ਐਂਟਰੀ, ਦਿੱਤਾ ਵੱਡਾ ਬਿਆਨ
'ਆਪ' ਸੁਪਰੀਮੋ ਨੇ ਦਿੱਲੀ ਦੇ ਸਿੱਖਿਆ ਮਾਡਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਹਾਲ ਵੀ ਬਹੁਤ ਮਾੜਾ ਸੀ ਪਰ ਅਸੀਂ ਲੋਕਾਂ ਦੇ ਸਾਥ ਅਤੇ ਮਿਹਨਤ ਨਾਲ ਸਕੂਲ ਅਤੇ ਸਿੱਖਿਆ ਵਿੱਚ ਵੱਡੇ ਸੁਧਾਰ ਕੀਤੇ, ਜਿਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਢਾਈ ਲੱਖ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਆਪਣਾ ਨਾਂ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੰਨੀ ਸਾਬ੍ਹ ਕਹਿੰਦੇ ਹਨ ਕਿ ਪੰਜਾਬ ਦੇ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਹਨ ਪਰ ਕੀ ਪੰਜਾਬ ਦੇ ਲੋਕ ਵੀ ਇਹ ਗੱਲ ਸਵੀਕਾਰ ਕਰਦੇ ਹਨ ਕਿ ਪੰਜਾਬ ਦੇ ਸਕੂਲ ਦੇਸ਼ ਦੇ ਸਭ ਤੋਂ ਵਧੀਆ ਸਕੂਲ ਹਨ।ਕੇਜਰੀਵਾਲ ਨੇ ਦੇਸ਼ ਦੇ ਡਿੱਗ ਰਹੇ ਸਿੱਖਿਆ ਢਾਂਚੇ ਲਈ ਸਿਆਸੀ ਜਮਾਤਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਆਗੂਆਂ ਨੇ ਜਾਣਬੁੱਝ ਕੇ 75 ਸਾਲਾਂ ਤੋਂ ਸਕੂਲਾਂ ਦੀ ਹਾਲਤ ਮਾੜੀ ਰੱਖੀ ਹੈ ਤਾਂ ਜੋ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕ ਵਿਕਾਸ ਨਾ ਕਰ ਜਾਣ। ਉਨ੍ਹਾਂ ਪੰਜਾਬੀਆਂ ਤੋਂ ਸਾਥ ਮੰਗਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ 'ਆਪ' ਦੀ ਸਰਕਾਰ ਆਉਣ 'ਤੇ ਸਕੂਲਾਂ ਨੂੰ ਸੁਧਾਰਿਆ ਜਾਵੇਗਾ ਤੇ ਬੱਚਿਆਂ ਨੂੰ ਸੁਨਹਿਰਾ ਭਵਿੱਖ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੌਰੇ 'ਤੇ ਆਏ ਕੇਜਰੀਵਾਲ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਬੱਚਿਆਂ ਦੀ ਸਿੱਖਿਆ ਨੂੰ ਧਿਆਨ 'ਚ ਰੱਖਦਿਆਂ ਵਿਸ਼ੇਸ਼ ਤੌਰ 'ਤੇ ਗਾਰੰਟੀਆਂ ਦਿੱਤੀਆਂ ਸਨ।ਉਨ੍ਹਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ ਦੇ ਹਰੇਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।ਕਿਸੇ ਵੀ ਤਰ੍ਹਾਂ ਦੇ ਪੇਪਰਾਂ ਦੀ ਤਿਆਰੀ ਲਈ ਬੱਚਿਆਂ ਦੀ ਕੋਚਿੰਗ ਫ਼ੀਸ ਸਰਕਾਰ ਵੱਲੋਂ ਦਿੱਤੀ ਜਾਵੇਗੀ।ਇਸੇ ਤਰ੍ਹਾਂ ਸਰਕਾਰ ਬੀ.ਏ. ਅਤੇ ਐੱਮ.ਏ. ਦੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਜਾ ਕੇ ਪੜ੍ਹਨ ਵਾਲੇ ਬੱਚਿਆਂ ਦਾ ਖ਼ਰਚ ਵੀ ਚੁੱਕੇਗੀ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ।