ਕੇਜਰੀਵਾਲ ਦਾ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨ ਸਿਆਸੀ ਸਟੰਟ : ਕੈਪਟਨ

10/30/2019 11:06:32 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ 'ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿੱਲੀ ਸਥਿਤ ਪੰਜਾਬ ਭਵਨ ਅੱਗੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਮਹਿਜ਼ ਇਕ ਸਿਆਸੀ ਸਟੰਟ ਹੈ ਜਿਹੜਾ ਕੌਮੀ ਰਾਜਧਾਨੀ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਹਵਾ ਪ੍ਰਦੂਸ਼ਣ ਦੇ ਗੰਭੀਰ ਮੁੱਦੇ 'ਤੇ ਕੋਰਾ ਝੂਠ ਬੋਲਦਾ ਹੋਇਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਕੈਪਟਨ ਨੇ ਦਿੱਲੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਕੌਮੀ ਰਾਜਧਾਨੀ 'ਚ ਫੈਲੇ ਹਵਾ ਪ੍ਰਦੂਸ਼ਣ ਪਿੱਛੇ ਮੁੱਖ ਕਾਰਨ ਨਿਰੰਤਰ ਨਿਰਮਾਣ ਕਾਰਜ, ਵਿਆਪਕ ਉਦਯੋਗੀਕਰਨ ਤੇ ਸ਼ਹਿਰ 'ਚ ਆਵਾਜਾਈ ਦਾ ਮਾੜਾ ਪ੍ਰਬੰਧ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਂਦਾ ਹੋਇਆ ਝੂਠ ਬੋਲ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀਆਂ ਗਲਤੀਆਂ ਨੂੰ ਛਿਪਾ ਕੇ ਦੂਜਿਆਂ ਉਤੇ ਦੋਸ਼ ਲਾ ਕੇ ਕੇਜਰੀਵਾਲ ਨੇ ਆਪਣੀ ਮਾੜੀ ਲੀਡਰਸ਼ਿਪ ਦਾ ਸਬੂਤ ਦੇ ਦਿੱਤਾ ਹੈ। ਕੇਜਰੀਵਾਲ ਨੂੰ ਬੇਸ਼ਰਮ ਝੂਠ ਬੋਲਣ ਵਾਲਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜ ਸਾਲ ਦਿੱਲੀ 'ਚ ਪ੍ਰਦੂਸ਼ਣ ਦੀਆਂ ਸਮੱਸਿਆ ਨੂੰ ਰੋਕਣ 'ਚ ਫੇਲ ਸਾਬਤ ਹੋਣ ਤੋਂ ਬਾਅਦ ਹੁਣ ਰਾਜਸੀ ਚਾਲਾਂ ਦਾ ਸਹਾਰਾ ਲੈ ਰਿਹਾ ਹੈ। ਹੁਣ ਜਦੋਂ ਦਿੱਲੀ 'ਚ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ ਤਾਂ ਆਪ ਮੁਖੀ ਨੂੰ ਇਸ ਨਾਜ਼ੁਕ ਮੁੱਦੇ ਦਾ ਖਿਆਲ ਆ ਗਿਆ ਹੈ।

ਕੈਪਟਨ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਵਲੋਂ ਚੁੱਕਿਆ ਇਕ ਵੀ ਕਦਮ ਲੋਕਾਂ ਨੂੰ ਦੱਸਣ। ਕੇਜਰੀਵਾਲ ਦਾ ਇਹ ਦਾਅਵਾ ਕਿ ਦਿੱਲੀ ਦੀ ਭਿਆਨਕ ਸਥਿਤੀ ਲਈ ਗੁਆਢੀ ਰਾਜਾਂ 'ਚ ਸਾੜੀ ਜਾਂਦੀ ਪਰਾਲੀ ਹੈ, ਕੋਰਾ ਝੂਠ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੇ ਇਸ ਦਾਅਵੇ ਨੂੰ ਮੰਨ ਵੀ ਲਿਆ ਜਾਵੇ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਪਰਾਲੀ ਸਾੜਨਾ ਹੈ ਤਾਂ ਉਹ ਇਹ ਦੱਸਣ ਕਿ ਕੌਮੀ ਰਾਜਧਾਨੀ 'ਚ ਦਸੰਬਰ ਤੇ ਜਨਵਰੀ ਮਹੀਨਿਆਂ 'ਚ ਹਵਾ ਗੁਣਵੱਤਾ ਸੂਚੀ (ਏਅਰ ਕੁਆਲਿਟੀ ਸੂਚੀ, ਏ.ਕਿਊ.ਆਈ.) ਖਤਰਨਾਕ ਪੱਧਰ 'ਤੇ ਕਿਉਂ ਫੈਲਿਆ ਹੁੰਦਾ ਹੈ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਇਹ ਦੱਸਣ ਕਿ ਪੰਜਾਬ ਵਰਗਾ ਸੂਬਾ ਜਿੱਥੇ ਪਰਾਲੀ ਸਾੜੀ ਜਾਂਦੀ ਹੈ, ਉਥੇ ਏ.ਕਿਊ.ਆਈ. ਦਾ ਪੱਧਰ ਦਿੱਲੀ ਵਰਗੇ ਸੂਬੇ ਤੋਂ ਕਿਵੇਂ ਬਿਹਤਰ ਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ ਵਿੱਚ ਹੋਏ ਅਚਾਨਕ ਵਾਧੇ ਪਿੱਛੇ ਕਾਰਨ ਪਟਾਕੇ ਹਨ ਜਿਸ ਨੂੰ ਰੋਕਣ ਵਿੱਚ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ ਕੇਜਰੀਵਾਲ ਅਤੇ ਉਸ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।


Related News