ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ ਦੀ ਸੁਣਵਾਈ ਪੂਰੀ, 10 ਜੂਨ ਨੂੰ ਆ ਸਕਦਾ ''ਫੈਸਲਾ''

06/05/2019 3:30:09 PM

ਪਠਾਨਕੋਟ (ਸ਼ਾਰਦਾ) : ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਦਿਲ ਦਹਿਲਾ ਦੇਣ ਵਾਲੇ ਚਰਚਿਤ ਕਠੂਆ ਜਬਰ-ਜ਼ਨਾਹ ਅਤੇ ਹੱਤਿਆ ਮਾਮਲੇ ਦੀ ਸੁਣਵਾਈ ਅੰਤਿਮ ਬਹਿਸ ਖਤਮ ਹੋਣ ਨਾਲ ਪੂਰੀ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਦਾ ਫੈਸਲਾ 10 ਜੂਨ ਨੂੰ ਆ ਸਕਦਾ ਹੈ। ਜ਼ਿਕਰਯੋਗ ਹੈ ਕਿ 8 ਸਾਲਾ ਬੱਚੀ ਨਾਲ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸਖ਼ਤ ਰੁੱਖ ਅਪਣਾਉਂਦੇ ਹੋਏ ਮਾਮਲੇ ਦੀ ਸੁਣਵਾਈ ਜੰਮੂ-ਕਸ਼ਮੀਰ ਦੀ ਕਠੂਆ ਕੋਰਟ ਤੋਂ ਸਥਾਨਕ ਜ਼ਿਲਾ ਤੇ ਸੈਸ਼ਨ ਕੋਰਟ 'ਚ ਸ਼ਿਫਟ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜ਼ਿਲਾ ਤੇ ਸੈਸ਼ਨ ਕੋਰਟ ਪਠਾਨਕੋਟ 'ਚ ਦਿਨ-ਪ੍ਰਤੀ-ਦਿਨ ਪ੍ਰੋਸੀਡਿੰਗ ਇਨ੍ਹਾਂ ਕੈਮਰਿਆਂ 'ਚ ਪੂਰੀ ਹੋਈ। 

ਕੀ ਹੈ ਮਾਮਲਾ 
ਇਸ ਮਾਮਲੇ ਦੀ ਸ਼ੁਰੂਆਤ 10 ਜਨਵਰੀ ਨੂੰ ਹੋਈ। ਪੀੜਤ ਪੱਖ ਮੁਤਾਬਕ ਉਨ੍ਹਾਂ ਦੀ 8 ਸਾਲਾ ਬੱਚੀ 10 ਜਨਵਰੀ ਨੂੰ ਦੁਪਹਿਰ ਵੇਲੇ ਘਰੋਂ ਘੋੜਿਆਂ ਨੂੰ ਚਰਾਉਣ ਨਿਕਲੀ ਸੀ ਅਤੇ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਕਰੀਬ ਇਕ ਹਫਤੇ ਬਾਅਦ 17 ਜਨਵਰੀ ਨੂੰ ਜੰਗਲ 'ਚ ਬੱਚੀ ਦੀ ਲਾਸ਼ ਮਿਲੀ। ਮੈਡੀਕਲ ਰਿਪੋਰਟ 'ਚ ਪਤਾ ਚੱਲਿਆ ਕਿ ਬੱਚੀ ਨਾਲ ਕਈ ਵਾਰ ਕਈ ਦਿਨਾਂ ਤਕ ਸਮੂਹਿਕ ਜਬਰ-ਜ਼ਨਾਹ ਹੋਇਆ ਅਤੇ ਪੱਥਰਾਂ ਨਾਲ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ। 

PunjabKesariਲਾਸ਼ ਮਿਲਣ ਤੋਂ ਬਾਅਦ ਵੱਡੇ ਪੱਧਰ 'ਤੇ ਹੋਇਆ ਸੀ ਪ੍ਰਦਰਸ਼ਨ
ਉਥੇ ਹੀ ਬਕਰਵਾਲ ਬਰਾਦਰੀ ਦੀ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਬਰਾਦਰੀ ਦੇ ਨੇਤਾ ਤਾਲਿਬ ਹੁਸੈਨ ਦੀ ਅਗਵਾਈ ਉਨ੍ਹਾਂ ਦੇ ਲੋਕਾਂ ਨੇ ਜੰਮੂ-ਕਸ਼ਮੀਰ 'ਚ ਹਾਈਵੇ ਜਾਮ ਅਤੇ ਇਲਾਕੇ 'ਚ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਵੀ ਲੋਕਾਂ ਨੇ ਹੰਗਾਮਾ ਕੀਤਾ ਅਤੇ ਸੜਕ 'ਤੇ ਨਿਕਲ ਕੇ ਪ੍ਰਦਰਸ਼ਨ ਕਰਨ ਲੱਗੇ। ਮਾਮਲਾ ਵੱਧਣ 'ਤੇ 20 ਜਨਵਰੀ ਨੂੰ ਜੰਮੂ-ਕਸ਼ਮੀਰ ਦੀ ਉਸ ਵੇਲੇ ਦੀ ਸਰਕਾਰ ਵੱਲੋਂ ਸੰਬੰਧਤ ਪੁਲਸ ਸਟੇਸ਼ਨ 'ਚ ਤਾਇਨਾਤ ਐੱਸ. ਐੱਚ. ਓ. ਨੂੰ ਸਸਪੈਂਡ ਕਰ ਕੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ। ਜਿਸ ਦੇ ਬਾਅਦ ਜੰਮੂ-ਕਸ਼ਮੀਰ ਦੀ ਉਦੋਂ ਦੀ ਮਹਿਬੂਬਾ ਮੁਫ਼ਤੀ ਸਰਕਾਰ ਨੇ 23 ਜਨਵਰੀ ਨੂੰ ਇਸ ਮਾਮਲੇ ਨੂੰ ਸੂਬਾ ਪੁਲਸ ਦੀ ਅਪਰਾਧ ਸ਼ਾਖਾ (ਕ੍ਰਾਈਮ ਬ੍ਰਾਂਚ) ਨੂੰ ਸੌਂਪ ਦਿੱਤਾ ਸੀ। ਜਿਸ ਨੇ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ। ਜਾਂਚ ਦੌਰਾਨ ਅਪਰਾਧ ਸ਼ਾਖਾ ਨੇ ਇਸ ਪੂਰੇ ਮਾਮਲੇ ਦੇ ਜਾਂਚ ਅਧਿਕਾਰੀ ਰਹੇ ਸਬ ਇੰਸਪੈਕਟਰ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅੱਗੇ ਵਧੀ ਤਾਂ ਪਤਾ ਚੱਲਿਆ ਕਿ ਇਸ ਮਾਮਲੇ 'ਚ ਜੰਮੂ-ਕਸ਼ਮੀਰ ਦਾ ਇਕ ਸਪੈਸ਼ਲ ਪੁਲਸ ਅਧਿਕਾਰੀ ਦੀਪਕ ਖਜੂਰੀਆ ਵੀ ਸ਼ਾਮਲ ਹੈ। 10 ਫਰਵਰੀ ਨੂੰ ਅਪਰਾਧ ਸ਼ਾਖਾ ਨੇ ਦੀਪਕ ਖਜੂਰੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਕ੍ਰਾਈਮ ਬ੍ਰਾਂਚ ਨੇ ਚਾਰਜਸ਼ੀਟ 'ਚ 7 ਨੂੰ ਕੀਤਾ ਗ੍ਰਿਫ਼ਤਾਰ
ਇਸ ਮਾਮਲੇ 'ਚ ਪੁਲਸ ਨੇ ਕੁਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ 'ਚੋਂ ਇਕ ਨੂੰ ਨਾਬਾਲਗ ਦੱਸਿਆ ਗਿਆ, ਹਾਲਾਂਕਿ ਮੈਡੀਕਲ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਖੁਦ ਨੂੰ ਨਾਬਾਲਗ ਦੱਸਣ ਵਾਲਾ ਮੁਲਜ਼ਮ ਬਾਲਗ ਹੈ। ਪੂਰੀ ਵਾਰਦਾਤ ਦੇ ਮੁੱਖ ਮੁਲਜ਼ਮ ਨੇ ਖੁਦ ਹੀ ਸਰੈਂਡਰ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ 'ਚ ਸਪੈਸ਼ਲ ਪੁਲਸ ਅਫਸਰ ਦੀਪਕ ਖਜੂਰੀਆ, ਪੁਲਸ ਅਧਿਕਾਰੀ ਸੁਰਿੰਦਰ ਕੁਮਾਰ, ਰਸਾਨਾ ਪਿੰਡ ਦਾ ਪਰਵੇਸ਼ ਕੁਮਾਰ, ਅਸਿਸਟੈਂਟ ਸਬ-ਇੰਸਪੈਕਟਰ ਆਨੰਦ ਦੱਤਾ, ਹੈੱਡ-ਕਾਂਸਟੇਬਲ ਤਿਲਕ ਰਾਜ, ਸਾਬਕਾ ਰੈਵੀਨਿਊ ਅਧਿਕਾਰੀ ਦਾ ਬੇਟਾ ਵਿਸ਼ਾਲ ਅਤੇ ਉਸਦਾ ਚਚੇਰਾ ਭਰਾ (ਜਿਸ ਨੂੰ ਨਾਬਾਲਗ ਦੱਸਿਆ ਗਿਆ) ਵਿਸ਼ਾਲ ਜਗੌਤਰਾ ਸ਼ਾਮਲ ਸੀ। ਉਸ ਸਮੇਂ ਇਸ ਘਟਨਾ ਨੂੰ ਲੈ ਕੇ ਸੱਤਾਧਾਰੀ ਪੀ. ਡੀ. ਪੀ. ਤੇ ਉਸ ਦੀ ਸਹਿਯੋਗੀ ਭਾਜਪਾ 'ਚ ਤਲਖੀ ਵੀ ਵਧੀ।

ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ 'ਚ ਸੁਪਰੀਮ ਕੋਰਟ ਕੋਲ ਇਸਦਾ ਟ੍ਰਾਇਲ ਚੰਡੀਗੜ੍ਹ ਸ਼ਿਫਟ ਕਰਨ ਅਤੇ ਮਾਮਲੇ ਨੂੰ ਸੀ. ਬੀ. ਆਈ. ਨੂੰ ਦੇਣ ਸਬੰਧੀ ਪਟੀਸ਼ਨਾਂ ਮਿਲੀਆਂ ਸਨ। ਪੀੜਤਾ ਦੇ ਪਿਤਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਕੇਸ ਨੂੰ ਜੰਮੂ-ਕਸ਼ਮੀਰ 'ਚੋਂ ਬਾਹਰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ, ਜਿਸਦੇ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਲੈਂਦੇ ਹੋਏ ਮਾਮਲੇ ਦੀ ਸੁਣਵਾਈ ਪੰਜਾਬ 'ਚ ਪਠਾਨਕੋਟ ਕੋਰਟ ਨੂੰ ਟਰਾਂਸਫਰ ਕਰ ਦਿੱਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ।

PunjabKesari

ਕੀ ਕਹਿੰਦੈ ਡਿਫੈਂਸ ਕੌਂਸਲ?
ਉਥੇ ਹੀ ਡਿਫੈਂਸ ਕੌਂਸਲ ਦੇ ਵਕੀਲ ਵਿਨੋਦ ਮਹਾਜਨ ਨੇ ਦੱਸਿਆ ਕਿ ਸਮੁੱਚੀ ਸੁਣਵਾਈ ਦਿਨ-ਪ੍ਰਤੀ-ਦਿਨ ਹੋਈ ਪਰ ਕੇਸ ਦੀ ਕੈਮਰਾ ਟ੍ਰਾਇਲ ਹੋਣ ਕਾਰਨ ਉਹ ਇਸ ਬਾਰੇ ਕੁਝ ਡਿਟੇਲ ਸ਼ੇਅਰ ਨਹੀਂ ਕਰ ਸਕਦੇ। ਡਿਫੈਂਸ ਨੇ ਮਜ਼ਬੂਤੀ ਨਾਲ ਆਪਣਾ ਪੱਖ ਅਦਾਲਤ 'ਚ ਰੱਖਿਆ ਹੈ ਅਤੇ ਉਮੀਦ ਹੈ ਕਿ ਇਸ ਮਾਮਲੇ 'ਚ ਫੈਸਲਾ 10 ਜੂਨ ਨੂੰ ਆ ਸਕਦਾ ਹੈ।

ਮੁਲਜ਼ਮਾਂ ਦੀ ਸੁਰੱਖਿਆ 2 ਜ਼ਿਲਿਆਂ ਦੀ ਪੁਲਸ ਦੇ ਹਵਾਲੇ
ਜ਼ਿਕਰਯੋਗ ਹੈ ਕਿ ਉਪਰੋਕਤ ਮਾਮਲੇ 'ਚ ਸ਼ਾਮਲ ਸਾਰੇ ਮੁਲਜ਼ਮਾਂ ਦਾ ਮਾਮਲਾ ਕਠੂਆ ਤੋਂ ਸਥਾਨਕ ਕੋਰਟ 'ਚ ਤਬਦੀਲ ਹੋਣ ਤੋਂ ਬਾਅਦ ਸੁਰੱਖਿਆ ਲਈ ਗੁਰਦਾਸਪੁਰ ਜੇਲ ਰੱਖਿਆ ਗਿਆ ਹੈ, ਜਿਥੋਂ ਪ੍ਰਤੀ-ਦਿਨ ਪੁਲਸ ਦਾ ਵਾਹਨ ਸੁਰੱਖਿਆ ਘੇਰੇ 'ਚ ਸਾਲ ਭਰ ਚੱਲੀ ਸੁਣਵਾਈ ਦੇ ਦੌਰਾਨ ਸਥਾਨਕ ਅਦਾਲਤ ਲਿਆਂਦਾ ਸੀ ਅਤੇ ਵਾਪਸ ਗੁਰਦਾਸਪੁਰ ਜੇਲ ਲੈ ਜਾਂਦਾ ਸੀ। ਡਵੀਜ਼ਨ ਨੰ. 1 ਦੇ ਥਾਣਾ ਮੁਖੀ ਬਲਦੇਵ ਰਾਜ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੀ ਪੁਲਸ ਸੁਰੱਖਿਆ ਘੇਰੇ 'ਚ ਪਰਮਾਨੰਦ ਤੱਕ ਆਪਣੇ ਜ਼ਿਲੇ ਦੀ ਹੱਦ ਤੱਕ ਲਿਆ ਕੇ ਇਸ ਜ਼ਿਲੇ ਦੀ ਪੁਲਸ ਨੂੰ ਸੌਂਪ ਦਿੰਦੀ ਸੀ, ਉਥੇ ਹੀ ਸੁਣਵਾਈ ਤੋਂ ਬਾਅਦ ਵਾਪਸ ਇਸੇ ਪੈਟਰਨ 'ਤੇ ਮੁਲਜ਼ਮਾਂ ਨੂੰ ਵਾਪਸ ਗੁਰਦਾਸਪੁਰ ਜੇਲ ਭੇਜਿਆ ਜਾਂਦਾ ਸੀ।
 


Anuradha

Content Editor

Related News