ਕਸ਼ਮੀਰ ''ਚ ਫੌਜ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਬੰਦ ਹੋਣ : ਜਾਖੜ

09/17/2018 11:08:54 AM

ਜਲੰਧਰ(ਬਿਊਰੋ)— ਪੰਜਾਬ ਕੇਸਰੀ ਗਰੁੱਪ ਵਲੋਂ ਜਲੰਧਰ ਵਿਚ ਐਤਵਾਰ ਨੂੰ ਆਯੋਜਿਤ ਕੀਤੇ ਗਏ 115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਵਿਚ ਸ਼ਾਮਲ ਹੋਣ ਆਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਸ਼ਮੀਰ ਵਿਚ ਫੌਜ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਉਹ ਤਾਂ ਭਾਰਤ ਵਿਰੋਧੀ ਤਾਕਤਾਂ ਵਿਰੁੱਧ ਲੜ ਰਹੀ ਹੈ। ਕਸ਼ਮੀਰ ਦੀ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਲਾਗੂ ਸਪੈਸ਼ਲ ਪਾਵਰ ਐਕਟ ਵਿਚ ਕੋਈ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ, ਜਿਸ ਨਾਲ ਭਾਰਤੀ ਫੌਜ ਤੇ ਹਥਿਆਰਬੰਦ ਦਸਤਿਆਂ ਦਾ ਮਨੋਬਲ ਕਮਜ਼ੋਰ ਹੋਵੇ। ਉਨ੍ਹਾਂ ਕਿਹਾ ਕਿ ਜਦ ਤਕ ਕਸ਼ਮੀਰ ਨੂੰ ਅਸੀਂ ਦੇਸ਼ ਵਿਰੋਧੀ ਤਾਕਤਾਂ ਤੋਂ ਨਹੀਂ ਬਚਾਉਂਦੇ ਅਤੇ ਅਸੀਂ ਭਾਰਤੀ ਫੌਜ ਦੇ ਬਚਾਅ ਵਿਚ ਅੱਗੇ ਨਹੀਂ ਆਉਂਦੇ ਤਦ ਤਕ ਉਥੇ ਹਾਲਾਤ ਸ਼ਾਂਤ ਨਹੀਂ ਹੋ ਸਕਦੇ।

ਜਾਖੜ ਨੇ ਕਿਹਾ ਕਿ ਕਸ਼ਮੀਰ ਵਿਚ ਪੁਲਸ ਕੇਸਾਂ ਦਾ ਸਾਹਮਣਾ ਕਰ ਰਹੇ 354 ਫੌਜੀਆਂ ਨੇ ਸੁਪਰੀਮ ਕੋਰਟ ਵਿਚ ਰਿਟ ਦਾਇਰ ਕਰ ਕੇ ਕਿਹਾ ਹੈ ਕਿ ਉਨ੍ਹਾਂ ਦਾ ਕੀ ਕਸੂਰ ਸੀ, ਉਹ ਤਾਂ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਸੀ। ਜੇ ਉਨ੍ਹਾਂ 'ਤੇ ਕੋਈ ਪੱਥਰ ਮਾਰਦਾ ਹੈ ਤਾਂ ਉਹ ਉਸ ਦਾ ਜਵਾਬ ਤਾਂ ਉਨ੍ਹਾਂ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹਾਦਤ ਦੇਣ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਸ਼ਮੀਰ ਵਿਚ ਹੁਣ ਫੌਜੀਆਂ 'ਤੇ ਨਹੀਂ ਬਲਕਿ ਦੇਸ਼ 'ਤੇ ਚਪੇੜਾਂ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਜਾਖੜ ਨੇ ਕਿਹਾ ਕਿ ਸਿਆਸਤ ਵਿਚ ਹੁਣ ਜੇਬ ਕੱਟਣ ਵਾਲੇ ਜ਼ਿਆਦਾ ਅੱਗੇ ਆ ਰਹੇ ਹਨ। ਰਾਸ਼ਟਰ ਨਿਰਮਾਣ ਦੀ ਕਿਸੇ ਨੂੰ ਚਿੰਤਾ ਨਹੀਂ ਹੈ। ਵਿਧਾਨ ਸਭਾਵਾਂ ਵਿਚ ਇਕ-ਦੂਸਰੇ ਨੂੰ ਜੁੱਤੀਆਂ ਮਾਰੀਆਂ ਜਾਂਦੀਆਂ ਹਨ। ਘਟੀਆ ਕਿਸਮ ਦੀ ਸਿਆਸਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਸ਼! ਅੱਜ ਜੰਮੂ-ਕਸ਼ਮੀਰ ਦੇ ਰਾਜਪਾਲ ਵੀ ਹੁੰਦੇ ਤਾਂ ਕਿ ਉਨ੍ਹਾਂ ਦੇ ਸਾਹਮਣੇ ਫੌਜੀਆਂ ਦੀ ਚਿੰਤਾ ਰੱਖੀ ਜਾ ਸਕਦੀ। ਸੂਬਾ ਪ੍ਰਧਾਨ ਨੇ ਕਿਹਾ ਕਿ ਕਸ਼ਮੀਰ ਦੇ ਪਾਰ ਸਰਜੀਕਲ ਸਟ੍ਰਾਈਕ ਸਿਰਫ ਅਜੇ ਨਹੀਂ ਹੋ ਰਹੀ ਹੈ ਬਲਕਿ ਸਰਜੀਕਲ ਸਟ੍ਰਾਈਕ ਦਾ ਮਾਮਲਾ ਤਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਅਨੇਕਾਂ ਵਾਰ ਪਹਿਲਾਂ ਵੀ ਕਸ਼ਮੀਰ ਦੇ ਪਾਰ ਜਾ ਕੇ ਫੌਜੀਆਂ ਨੇ ਸਰਜੀਕਲ ਸਟ੍ਰਾਈਕ ਕੀਤੀ ਹੈ। ਅਜਿਹੇ ਮਾਮਲਿਆਂ ਨੂੰ ਜਨਤਕ ਤੌਰ 'ਤੇ ਉਛਾਲਿਆ ਨਹੀਂ ਜਾਣਾ ਚਾਹੀਦਾ।


Related News