ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਖਰਚ ਹੋਣਗੇ ਕਰੀਬ 100 ਕਰੋੜ

Thursday, Dec 20, 2018 - 09:21 AM (IST)

ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਖਰਚ ਹੋਣਗੇ ਕਰੀਬ 100 ਕਰੋੜ

ਚੰਡੀਗਡ਼੍ਹ,(ਰਮਨਜੀਤ)— ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਅਹਿਮ ਪ੍ਰਾਜੈਕਟ ਕਰਤਾਰਪੁਰ ਸਾਹਿਬ ਲਾਂਘੇ ਤੱਕ ਸ਼ਰਧਾਲੂਆਂ ਦੀ ਸਿੱਧੀ ਪਹੁੰਚ ਬਣਾਉਣ ਲਈ ਸੜਕ ਦੇ ਪ੍ਰਪੋਜ਼ਲ ਨੂੰ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ। ਪੰਜਾਬ ਵੱਲੋਂ ਚਾਰ ਸੜਕਾਂ ’ਤੇ ਆਧਾਰਿਤ ਅਲਾਇਨਮੈਂਟ ਪਲਾਨ ਭੇਜੇ ਗਏ ਹਨ, ਜਿਸ ਨੂੰ ਵੀ ਕੇਂਦਰ ਠੀਕ ਸਮਝੇਗਾ, ਉਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਅਹਿਮ ਪ੍ਰਾਜੈਕਟ ਨੂੰ ਫਾਸਟ ਟ੍ਰੈਕ ਮੋਡ ’ਚ ਪੂਰਾ ਕਰਨ ਦੀ ਤਿਆਰੀ ਕੀਤੀ ਗਈ ਹੈ, ਜਿਸ ’ਤੇ 100 ਕਰੋਡ਼ ਰੁਪਏ ਤੋਂ ਵੀ ਜ਼ਿਆਦਾ ਦੀ ਲਾਗਤ ਆਵੇਗੀ।

ਜਾਣਕਾਰੀ ਮੁਤਾਬਕ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਸਤਾਵਿਤ ਕਰਤਾਰਪੁਰ ਸਾਹਿਬ ਦੇ ਲਾਂਘੇ ਵੱਲ  ਲੱਖਾਂ ਸ਼ਰਧਾਲੂਆਂ ਦੇ ਪੁੱਜਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਸੜਕੀ ਰਸਤੇ ਰਾਹੀਂ ਆਵਾਜਾਈ ਨੂੰ ਸੁਚਾਰੂ ਤੇ ਦਰੁੱਸਤ ਕਰਨ ਲਈ ਪਲਾਨ ਤਿਆਰ ਕੀਤਾ ਹੈ। ਇਸ ਪਲਾਨ ਤਹਿਤ ਡੇਰਾ ਬਾਬਾ ਨਾਨਕ ਵੱਲ ਮੌਜੂਦਾ ਸਮੇਂ ’ਚ ਜਾਂਦੇ ਸਡ਼ਕੀ ਮਾਰਗਾਂ ਨੂੰ ਘੱਟ ਕਪੈਸਿਟੀ ਦਾ ਮੰਨਦੇ ਹੋਏ ਚਹੁੰਮਾਰਗੀ ਸੜਕ ਦੀ ਜ਼ਰੂਰਤ ਦੱਸੀ ਹੈ ਤੇ ਇਸ ਲਈ ਨੈਸ਼ਨਲ ਹਾਈਵੇ ਤੋਂ ਡੇਰਾ ਬਾਬਾ ਨਾਨਕ ਤੇ ਅੰਤਰਰਾਸ਼ਟਰੀ ਸਰਹੱਦ ਤੱਕ ਜਾਣ ਲਈ ਚਾਰ ਵੱਖ-ਵੱਖ ਪੁਆਇੰਟਸ ਤੋਂ ਅਲਾਇਨਮੈਂਟ ਪਲਾਨ ਤਿਆਰ ਕੀਤਾ ਹੈ। ਇਨ੍ਹਾਂ ਚਾਰਾਂ ਬਦਲਾਂ ਦੇ ਐਸਟੀਮੇਟ ਵੀ ਤਿਆਰ ਕੀਤੇ ਗਏ ਹਨ, ਜੋ ਕਿ ਔਸਤਨ 100 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਹਨ। ਪੀ. ਡਬਲਿਊ. ਡੀ. ਵੱਲੋਂ ਇਨ੍ਹਾਂ ਅਲਾਇਨਮੈਂਟ ਪਲਾਨਸ ਨੂੰ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮਨਜ਼ੂਰੀ ਤੋਂ ਬਾਅਦ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ।

ਪ੍ਰਪੋਜ਼ਲ ਸਬੰਧੀ ਪੁੱਛਣ ’ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਿਉਂਕਿ ਕਰਤਾਰਪੁਰ ਸਾਹਿਬ ਕਾਰੀਡੋਰ ਬਹੁਤ ਅਹਿਮ ਪ੍ਰੋਜੈਕਟ ਹੈ ਤੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ-ਜਾਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਹੀ ਅਲਾਇਨਮੈਂਟ ਪਲਾਨ ਬਣਾਇਆ ਗਿਆ ਹੈ। ਫਿਲਹਾਲ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਕੇਂਦਰ ਵਲੋਂ ਅਪਰੂਵਲ ਮਿਲਣ ਮਗਰੋਂ ਇਸ ’ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


Related News