ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰੱਖਿਆ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ

Monday, Nov 26, 2018 - 06:09 PM (IST)

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰੱਖਿਆ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ

ਬਟਾਲਾ (ਵੈੱਬ ਡੈਸਕ) : ਗੁਰਦੁਆਰਾ ਸ੍ਰੀ ਕਰਤਾਪਰੁ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਵਲੋਂ ਰੱਖ ਦਿੱਤਾ ਗਿਆ। ਇਸ ਦੌਰਾਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ  ਉੱਪ ਰਾਸ਼ਟਰਪਤੀ ਦਾ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉੱਪ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਲਈ ਚਾਨਣ ਮੁਨਾਰਾ ਬਣ ਕੇ ਸਾਹਮਣੇ ਆਏ ਸਨ ਅਤੇ ਗੁਰੂ ਸਾਹਿਬ ਨੇ ਸਮੁੱਚੇ ਵਿਸ਼ਵ ਨੂੰ ਏਕਤਾ ਦਾ ਸੁਨੇਹਾ ਦਿੱਤਾ ਹੈ ਅਤੇ ਗੁਰੂ ਸਾਹਿਬ ਵਲੋਂ ਲਿਆ ਗਿਆ ਸੁਪਨਾ ਅੱਜ ਨੀਂਹ ਪੱਥਰ ਰੱਖ ਕੇ ਪੂਰਾ ਰਿਹਾ ਹੈ। 

PunjabKesari
ਨਾਇਡੂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਨਾ ਸਿਰਫ ਸੰਗਤਾਂ ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰ ਸਕਣਗੀਆਂ ਸਗੋਂ ਇਹ ਲਾਂਘਾ ਦੋਵਾਂ ਦੇਸ਼ਾਂ ਵਿਚਾਲੇ ਪਈਆਂ ਦਰਾੜਾਂ ਨੂੰ ਭਰਨ ਦਾ ਕੰਮ ਵੀ ਕਰੇਗਾ। ਇਸ ਦੌਰਾਨ ਉਪ ਰਾਸ਼ਟਰਪਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤੇ ਜਾਣ ਦਾ ਵੀ ਐਲਾਨ ਕੀਤਾ। ਅੱਤਵਾਦ 'ਤੇ ਬੋਲਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਦਹਿਸ਼ਤਗਰਦੀ ਖਿਲਾਫ ਕੌਮਾਂਤਰੀ ਪੱਧਰ 'ਤੇ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਮੂੰਹ ਤੋੜ ਜਵਾਬ ਦੇਵੇਗਾ। 

PunjabKesari
ਚਾਰ ਮਹੀਨਿਆਂ 'ਚ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘਾ : ਗਡਕਰੀ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਸੋਮਵਾਰ ਨੂੰ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਵਲੋਂ ਰੱਖ ਦਿੱਤਾ ਗਿਆ। ਇਸ ਸਮਾਗਮ ਦੌਰਾਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਟੇਜ 'ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘਾ ਸਾਢੇ 4 ਮਹੀਨਿਆਂ ਵਿਚ ਤਿਆਰ ਕੀਤਾ ਜਾਵੇਗਾ। ਗਡਕਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇਗਾ। 

PunjabKesari
ਅੱਗੇ ਬੋਲਦੇ ਹੋਏ ਗਡਕਰੀ ਨੇ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਜਿੱਥੇ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਣਗੀਆਂ, ਉਥੇ ਹੀ ਇਸ ਲਾਂਘੇ ਦੇ ਨਿਰਮਾਣ ਨਾਲ ਪੰਜਾਬ ਵਿਚ ਸੈਰ-ਸਪਾਟਾ ਹੋਰ ਉਤਸ਼ਾਹਿਤ ਹੋਵੇਗਾ। 

PunjabKesari
ਹਰਸਿਮਰਤ ਨੇ ਕੀਤਾ ਮੋਦੀ ਦਾ ਧੰਨਵਾਦ
ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਦਾ ਲਾਂਘਾ ਬਣਾਉਣ ਦੇ ਫ਼ੈਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲਣ 'ਤੇ ਇਤਿਹਾਸ ਰਚਿਆ ਜਾਵੇਗਾ। ਹਰਸਿਮਰਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਸ਼ਕੋ ਦਾ ਸੁਨੇਹਾ ਦੁਨੀਆਂ ਭਰ 'ਚ ਪਹੁੰਚਾਇਆ।ਇਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਧੰਨਵਾਦ ਕੀਤਾ ਗਿਆ ਹੈ। ਇਸ ਦੌਰਾਨ ਧਾਰਮਿਕ ਸਟੇਜ ਤੋਂ ਬੀਬੀ ਬਾਦਲ ਵਲੋਂ ਕਾਂਗਰਸ 'ਤੇ ਹਮਲੇ ਵੀ ਬੋਲੇ ਗਏ। 

PunjabKesari
ਕੈਪਟਨ ਦੀ ਪਾਕਿ ਫੌਜ ਮੁਖੀ ਨੂੰ ਚਿਤਾਵਨੀ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਲਈ ਕਿਸੇ ਵੀ ਵੀਜ਼ੇ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦੀ ਯਾਦ 'ਚ ਇਕ ਗੇਟ ਕੋਰੀਡੋਰ 'ਚ ਬਣਾਇਆ ਜਾਵੇਗਾ, ਜਿਸ ਦਾ ਨਾਂ 'ਕਰਤਾਰਪੁਰ ਦੁਆਰ' ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਇਸ ਮੌਕੇ ਕੈਪਟਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਵੀ ਕੀਤਾ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਪਾਕਿ ਨਹੀਂ ਜਾ ਰਹੇ ਹਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਰੱਖਿਅਕ ਹਨ।

PunjabKesari

ਕੈਪਟਨ ਨੇ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਉਂਦੇ ਤਾਂ ਭਾਰਤੀ ਫੌਜ ਕਿਸੇ ਨੂੰ ਵੀ ਸਬਕ ਸਿਖਾਉਣ ਦੇ ਮਸੱਰਥ ਹੈ। ਉਨ੍ਹਾਂ ਨੇ ਕਿਹਾ ਕਿ ਮਾਸੂਮਾਂ ਨੂੰ ਮਾਰਨਾ ਗਲਤ ਹੈ। ਪਾਕਿਸਤਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਪੰਜਾਬ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਾਨ ਪਹਿਲੀ ਪਾਤਸ਼ਾਹੀ ਦੇ ਪਿਆਰ ਦੇ 3 ਪੈਗਾਮ ਨੂੰ ਸਿੱਖੇ ਅਤੇ ਇਹ ਹਮਲੇ ਬੰਦ ਕਰ ਦੇਵੇ। ਇਸ ਦੌਰਾਨ ਉਨ੍ਹਾਂ 26/11 ਮੁੰਬਈ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਪਾਕਿਸਤਾਨ ਦੀ ਬੁਜ਼ਦਿਲੀ ਕਰਾਰ ਦਿੱਤਾ।


author

Gurminder Singh

Content Editor

Related News