...ਜਦੋਂ ਮਨਾਈ ਵਿਆਹ ਦੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ
Tuesday, Dec 10, 2019 - 09:45 AM (IST)
ਕਰਤਾਰਪੁਰ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ/ਅਮਰੀਕ ਸਿੰਘ ਟੁਰਨਾ) : 1947 ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ 7 ਮੀਲ ਪਰ੍ਹਾਂ ਨਾਰੋਵਾਲ ਦੇ ਪਿੰਡ ਨਿੱਦੋਕੇ ਵਿਖੇ ਸ. ਹਰਨਾਮ ਸਿੰਘ ਦਾ ਪਰਿਵਾਰ ਰਹਿੰਦਾ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਰਤਾਰਪੁਰ ਸਾਹਿਬ ਤੋਂ 7 ਮੀਲ ਇਧਰ ਭਾਰਤ ਵਾਲੇ ਪਾਸੇ ਪਿੰਡ ਬਸੰਤਕੋਟ ਵਿਖੇ ਆ ਗਿਆ।
ਪਿੰਡ ਬਸੰਤਕੋਟ ਦੇ ਜਸਵੰਤ ਸਿੰਘ ਗਿੱਲ ਦਾ ਵਿਆਹ 23 ਨਵੰਬਰ 1969 ਨੂੰ ਪ੍ਰਸ਼ੋਤਮ ਕੌਰ ਨਾਲ ਹੋਇਆ। ਇਸੇ ਤਰੀਕ ਨੂੰ ਅੱਜ ਤੋਂ 50 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ । ਜਸਵੰਤ ਸਿੰਘ ਗਿੱਲ ਅੱਜ-ਕੱਲ ਆਸਟਰੇਲੀਆ ਰਹਿੰਦੇ ਹਨ। 26 ਨਵੰਬਰ 2018 ਦੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਖ਼ਬਰ ਉਨ੍ਹਾਂ ਲਈ ਖੁਸ਼ੀ ਲੈ ਕੇ ਆਈ ਅਤੇ ਉਨ੍ਹਾਂ ਨੇ ਮਨ ਬਣਾ ਲਿਆ ਕਿ ਉਹ ਆਪਣੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਹੀ ਮਨਾਉਣਗੇ। ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਭਰਾ ਰੋਜ਼ੀ ਰੋਟੀ ਦੇ ਚੱਕਰ ਵਿਚ ਬਸੰਤ ਕੋਟ ਤੋਂ ਬਟਾਲਾ ਲੁਧਿਆਣਾ ਅਤੇ ਦੋਰਾਹੇ ਤੱਕ ਫੈਲ ਗਏ ਪਰ ਉਨ੍ਹਾਂ ਦਾ ਆਪਣੇ ਪਿੰਡ ਬਸੰਤਕੋਟ ਅਤੇ ਉਸ ਤੋਂ ਪਹਿਲਾਂ ਦੇ ਪਿੰਡ ਨਿੱਦੋਕੇ ਨਾਲ ਰਿਸ਼ਤਾ ਨਹੀਂ ਟੁੱਟਿਆ। ਅੱਜ ਤੋਂ ਪੰਜ-ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਦੇ ਬੰਦਿਆਂ ਨੂੰ ਲੱਭ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵਿਆਹ ਦੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਬਾਰੇ ਗੱਲ ਆਪਣੇ ਲਹਿੰਦੇ ਪੰਜਾਬ ਦੇ ਪਿੰਡ ਨਿੱਦੋਕੇ ਦੇ ਹਾਫਿਜ਼ ਅਬਦੁਲ ਗੱਫਾਰ ਦੇ ਪਰਿਵਾਰ ਨਾਲ ਸਾਂਝੀ ਕੀਤੀ।
ਹਾਫਿਜ਼ ਅਬਦੁੱਲ ਗੱਫਾਰ 23 ਨਵੰਬਰ ਨੂੰ ਆਪਣੀ ਘਰਵਾਲੀ ਰਿਹਾਨਾ ਗੱਫਾਰ ਅਤੇ ਬੱਚਿਆਂ ਨਾਲ ਉਚੇਚਾ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਹ ਘਰੋਂ ਰੋਟੀ ਅਤੇ ਸੇਵੀਆਂ ਬਣਾ ਕੇ ਲਿਆਏ। ਅਬਦੁੱਲ ਗੱਫਾਰ ਨਾਰੋਵਾਲ ਵਿਖੇ ਅਧਿਆਪਕ ਹਨ। ਉਨ੍ਹਾਂ ਦੀਆਂ ਧੀਆਂ ਆਮਨਾ ਗੱਫਾਰ ਅਤੇ ਕੁਰਤੁਲੇਨ ਗੱਫਾਰ ਲਾਹੌਰ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ. ਫਿਜ਼ਿਕਸ ਕਰ ਰਹੀਆਂ ਹਨ। ਅਬਦੁੱਲ ਗੱਫਾਰ ਦੱਸਦੇ ਹਨ ਕਿ ਧੀਆਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਮਾਂ ਅਤੇ ਦਾਦਾ ਜੀ ਲਾਹੌਰ ਵਿਖੇ ਹੀ ਰਹਿੰਦੇ ਹਨ। ਮਾਸਟਰ ਗੱਫਾਰ ਮੁਤਾਬਕ ਬਾਪੂ ਹਰਨਾਮ ਸਿੰਘ ਦੇ ਪਰਿਵਾਰ ਵਿਚੋਂ 72 ਵਰਿ੍ਹਆਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਉਨ੍ਹਾਂ ਨੂੰ ਮਿਲਿਆ ਹੈ, ਇਸ ਦੀ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਹੋਈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਅੱਬਾ ਅਤੇ ਬਾਪੂ ਹਰਨਾਮ ਸਿੰਘ ਦਾ ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ ਪਰ ਵੰਡ ਕਰ ਕੇ ਉਨ੍ਹਾਂ ਨੂੰ ਵਿਛੜਨਾ ਪਿਆ। ਅਬਦੁੱਲ ਗੱਫਾਰ ਨਿਹਾਇਤ ਖੁਸ਼ੀ ਦੇ ਨਾਲ ਚੜ੍ਹਦੇ ਪੰਜਾਬ ਵਿਚ ਰਹਿੰਦੇ ਆਪਣੇ ਸਾਰੇ ਭਤੀਜਿਆਂ ਦੇ ਲਈ ਸੌਗਾਤ ਵਜੋਂ ਸ਼ੱਕਰ ਵੀ ਲੈ ਕੇ ਆਏ।
ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ 1962 ਦੇ ਦਿਨਾਂ ਦੀ ਗੱਲ ਹੈ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਵੇਖਿਆ ਸੀ ਅਤੇ ਸੋਚਿਆ ਸੀ ਕਿ ਇਹ ਮੌਸਮ ਹਵਾਵਾਂ ਅਤੇ ਪੰਛੀ ਜਦੋਂ ਇਕ ਦੂਜੇ ਦੇ ਆ ਸਕਦੇ ਹਨ ਤਾਂ ਅਸੀਂ ਬੰਦੇ ਕਿਉਂ ਨਹੀਂ ? ਉਨ੍ਹਾਂ ਮੁਤਾਬਿਕ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਪੁਰਾਣੇ ਪਿੰਡ ਦੇ ਬੇਲੀਆਂ ਨੂੰ ਮਿਲ ਕੇ ਇਹ ਯਾਦਗਾਰ ਦਿਨ ਹੋ ਨਿੱਬੜਿਆ ਸੀ। ਹਾਫਿਜ਼ ਅਬਦੁੱਲ ਗੱਫਾਰ ਦੱਸਦੇ ਹਨ ਕਿ ਉਹ ਇਸ ਤੋਂ ਪਹਿਲਾਂ ਵੀ ਕਰਤਾਰਪੁਰ ਸਾਹਿਬ ਵਿਖੇ ਅਕਸਰ ਹੀ ਆਉਂਦੇ ਰਹਿੰਦੇ ਹਨ। ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਪੀਰ ਹਨ। ਉਨ੍ਹਾਂ ਮੁਤਾਬਕ ਵਿਆਹ ਤੋਂ ਬਹੁਤ ਲੰਮੇ ਸਮੇਂ ਤੱਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਅਖੀਰ ਕਰਤਾਰਪੁਰ ਸਾਹਿਬ ਵਿਖੇ ਸੁੱਖਣਾ ਸੁੱਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੋ ਧੀਆਂ ਦੀ ਦਾਤ ਮਿਲੀ। ਅਬਦੁੱਲ ਗੱਫਾਰ ਕਹਿੰਦੇ ਹਨ ਕਿ ਇਸ ਵਿਸ਼ਵਾਸ ਵਿਚ ਹੀ ਸਾਡੀ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਮੁਹੱਬਤ ਲੁਕੀ ਹੋਈ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਧੀਆਂ ਆਮਨਾ ਅਤੇ ਕੁਰਤੁਲੇਨ ਹੋਣਹਾਰ ਧੀਆਂ ਹਨ ਅਤੇ ਲਾਹੌਰ ਯੂਨੀਵਰਸਿਟੀ ਵਿਚ ਪੜ੍ਹ ਰਹੀਆਂ ਹਨ।
ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿਚ ਸੀਰੀ ਦਾ ਕੰਮ ਕਰਦੇ ਹੋਏ ਬਾਊ ਨਵਾਬ ਮਸੀਹ ਨੂੰ ਵੀ ਉਹ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਉਮਰ ਇਸ ਵੇਲੇ 100 ਸਾਲ ਹੋਣ ਕਰ ਕੇ ਬਿਰਧ ਸਰੀਰ ਤੋਰਾ ਫੇਰਾ ਨਹੀਂ ਕਰ ਸਕਦਾ, ਜਿਸ ਕਰ ਕੇ ਉਹ ਮਿਲ ਨਹੀਂ ਸਕੇ । ਜਸਵੰਤ ਸਿੰਘ ਗਿੱਲ ਭਾਵੁਕ ਹੋ ਕੇ ਕਹਿੰਦੇ ਹਨ ਕਿ ਪਰਵਾਸ ਕਰਦੇ ਹੋਏ ਅਸੀਂ ਬੇਸ਼ੱਕ ਆਸਟਰੇਲੀਆ ਆ ਪਹੁੰਚੇ ਹਾਂ ਪਰ ਪਰਵਾਸ ਕਰਦੇ ਹੋਏ ਪੰਛੀ ਆਪਣੇ ਘਰਾਂ ਨੂੰ ਪਰਤਦੇ ਜ਼ਰੂਰ ਹਨ ਅਤੇ ਆਪਣੇ ਪਿੱਛੇ ਛੁੱਟ ਗਏ ਘਰਾਂ ਨੂੰ ਤਾਉਮਰ ਯਾਦ ਰੱਖਦੇ ਹਨ।