ਡਾ. ਓਬਰਾਏ ਨੇ ਹੁਣ ਪਾਕਿਸਤਾਨ ''ਚ ਚੁੱਕੀ ਸੇਵਾ ਦੀ ਵੱਡੀ ਜ਼ਿੰਮੇਵਾਰੀ

11/29/2019 6:42:06 PM

ਅੰਮ੍ਰਿਤਸਰ/ਚਮਿਆਰੀ (ਸੰਧੂ) : ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ ਵੱਡੇ ਪੱਧਰ ਸੇਵਾ ਕਾਰਜਾਂ ਕਰਨ ਉਪਰੰਤ ਹੁਣ ਪਾਕਿਸਤਾਨ ਵਿਚ ਵੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਹੈ। ਆਪਣੇ ਪਾਕਿਸਤਾਨ ਦੌਰੇ ਤੋਂ ਵਾਪਸ ਭਾਰਤ ਪਹੁੰਚੇ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲੰਗਰ ਦੀ ਸਹੂਲਤ ਲਈ ਆਟਾ ਗੁੰਨਣ, ਪੇੜੇ ਕਰਨ ਅਤੇ ਪ੍ਰਸ਼ਾਦੇ ਪਕਾਉਣ ਵਾਲੀ ਦੁਬਈ 'ਚ ਤਿਆਰ ਹੋਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨ ਤੋਂ ਇਲਾਵਾ ਬਰਤਨ ਸਾਫ਼ ਕਰਨ ਵਾਲੀ ਮਸ਼ੀਨ ਵੀ ਭੇਜੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਹ ਮਸ਼ੀਨਾਂ ਲੱਗਣ ਤੋਂ ਬਾਅਦ ਟਰੱਸਟ ਵੱਲੋਂ ਛੇਤੀ ਹੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਖੇ ਵੀ ਇਹ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਸਹੀ ਢੰਗ ਨਾਲ ਵਰਤੋਂ 'ਚ ਲਿਆਉਣ ਲਈ ਟਰੱਸਟ ਵੱਲੋਂ ਆਪਣੇ ਖਰਚ 'ਤੇ ਚਾਰ ਵਿਅਕਤੀਆਂ ਨੂੰ ਦੁਬਈ ਲੈ ਜਾ ਕੇ ਟੈਕਨੀਕਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ, ਜਿਸ ਸਦਕਾ ਸਾਰੇ ਗੁਰਦੁਆਰਾ ਸਾਹਿਬ ਅੰਦਰ ਪੂਰੀ ਮਰਿਆਦਾ ਅਨੁਸਾਰ ਲੰਗਰ ਤਿਆਰ ਹੋ ਸਕੇਗਾ। 

PunjabKesari

ਡਾਕਟਰ ਓਬਰਾਏ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਨਾਨਕ ਚੇਅਰ' ਵੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਅੰਦਰ ਬਣਨ ਵਾਲੇ ਰਿਸਰਚ ਸੈਂਟਰ 'ਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ 'ਤੇ ਖੋਜ ਕਰਨ ਦੇ ਨਾਲ-ਨਾਲ ਗੁਰੂ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਕਾਰਜ ਲਈ ਇਕ ਨਿਸ਼ਚਿਤ ਰਕਮ ਬੈਂਕ ਅੰਦਰ ਫ਼ਿਕਸ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਜੋ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ, ਉਸ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ। ਜਿਸ ਦਾ ਸਾਰਾ ਲੇਖਾ-ਜੋਖਾ ਯੂਨੀਵਰਸਿਟੀ ਵੱਲੋਂ ਟਰੱਸਟ ਨੂੰ ਦਿੱਤਾ ਜਾਵੇਗਾ। 

PunjabKesari

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਅੰਦਰ ਉੱਥੋਂ ਦੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ 8 ਧਰਮਾਂ ਦੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿਚ ਬਣਨ ਵਾਲੀਆਂ ਗੈਲਰੀਆਂ ਅੰਦਰ ਜੋ ਸਿੱਖ ਧਰਮ ਦੀ ਗੈਲਰੀ ਬਣੇਗੀ ਉਸ ਅੰਦਰ ਰੱਖੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸਾਜੋ ਸਮਾਨ ਦਾ ਸਮੁੱਚਾ ਖਰਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਭ ਕਾਰਜਾਂ ਲਈ ਉਨ੍ਹਾਂ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੋਂ ਇਲਾਵਾ ਚੇਅਰਮੈਨ ਗੁਰਦੁਆਰਾ ਸੁਧਾਰ ਕਮੇਟੀ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ, ਸੈਕਟਰੀ ਇਨਫਾਰਮੇਸ਼ਨ, ਟੂਰਿਜ਼ਮ ਅਤੇ ਆਈ.ਟੀ., ਜੁਆਇੰਟ ਸੈਕਟਰੀ ਪੀ.ਟੀ.ਆਈ. ਫਰੂਕ ਅਰਸ਼ਦ ਆਦਿ ਸਮੇਤ ਹੋਰ ਸੀਨੀਅਰ ਉੱਚ ਅਧਿਕਾਰੀਆਂ ਨਾਲ ਵਿਸਥਾਰ 'ਚ ਮੁਲਾਕਾਤਾਂ ਕਰਕੇ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਹੈ ।


Gurminder Singh

Content Editor

Related News