ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਵਿਸ ਚਾਰਜ ਦੀ ਸ਼ਰਤ ਖਤਮ ਹੋਵੇ : ਰੰਧਾਵਾ

09/17/2019 9:38:02 AM

ਚੰਡੀਗੜ੍ਹ (ਭੁੱਲਰ)—ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ 'ਤੇ ਪਾਕਿਸਤਾਨ ਸਰਕਾਰ ਵਲੋਂ ਪ੍ਰਸਤਾਵਿਤ ਸਰਵਿਸ ਚਾਰਜ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਲੰਬੇ ਸਮੇਂ ਤੋਂ ਵਿੱਛੜੇ ਹੋਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਕੀਤੀ ਜਾ ਰਹੀ ਸੀ, ਜੋ ਹੁਣ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਕਰਨ ਲਈ 20 ਡਾਲਰ ਦੀ ਸਰਵਿਸ ਚਾਰਜ ਦੀ ਸ਼ਰਤ ਸ਼ਰਧਾਲੂਆਂ 'ਤੇ ਜਜੀਆ ਲਾਉਣ ਵਾਂਗ ਹੈ, ਜਿਸ ਨੂੰ ਹਰ ਹੀਲੇ ਖਤਮ ਕਰਨਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਕਿ ਇਸ ਸ਼ਰਤ ਨੂੰ ਖਤਮ ਕਰਵਾਉਣ ਲਈ ਭਾਰਤ ਸਰਕਾਰ ਪਾਕਿਸਤਾਨ 'ਤੇ ਦਬਾਅ ਪਾਵੇ ਅਤੇ ਜੇਕਰ ਫਿਰ ਵੀ ਉਹ ਪਾਕਿਸਤਾਨ ਤੋਂ ਸ਼ਰਤ ਨਹੀਂ ਹਟਵਾ ਸਕਦੀ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੁਦ ਸਰਵਿਸ ਚਾਰਜ ਅਦਾ ਭਰੇ। ਉਨ੍ਹਾਂ ਕਿਹਾ ਕਿ ਬਹੁਤੀ ਨਾਨਕ ਨਾਮ ਲੇਵਾ ਸੰਗਤ ਅਜਿਹੀ ਹੈ, ਜਿਹੜੀ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਸਰਵਿਸ ਚਾਰਜ ਦੀ ਮੋਟੀ ਰਕਮ ਕਰ ਕੇ ਕੋਈ ਵੀ ਸ਼ਰਧਾਲੂ ਦਰਸ਼ਨਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਕੈਬਨਿਟ ਮੰਤਰੀ ਰੰਧਾਵਾ, ਜੋ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਹਨ, ਨੇ ਕੇਂਦਰੀ ਸੱਤਾ 'ਚ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਹਾ ਕਿ ਜੇ ਉਹ ਆਪਣੇ-ਆਪ ਨੂੰ ਸਿੱਖਾਂ ਦੇ ਹਿੱਤਾਂ ਦਾ ਰਾਖਾ ਸਮਝਦੇ ਹਨ ਤਾਂ ਉਹ ਭਾਰਤ ਸਰਕਾਰ ਤੋਂ ਸਰਵਿਸ ਚਾਰਜ ਰੱਦ ਕਰਵਾਉਣ ਜਾਂ ਫਿਰ ਅਦਾ ਕਰਵਾਉਣ ਲਈ ਦਬਾਅ ਬਣਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੋਦੀ ਸਰਕਾਰ ਅੱਗੇ ਸਿੱਖ ਹੱਕਾਂ ਦੀ ਤਿਲਾਂਜਲੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪੰਜਾਬ ਵਿਚ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਆਪਣੇ ਅਹੁਦੇ ਦਾ ਲਾਹਾ ਲੈਂਦੀ ਹੋਈ ਇਹ ਮਸਲਾ ਹੱਲ ਕਰਵਾਉਣ 'ਚ ਗੰਭੀਰਤਾ ਦਿਖਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਰਧਾਲੂਆਂ ਦੀ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਇੱਛਾ ਪੂਰੀ ਕਰਨ ਲਈ ਮੋਦੀ ਸਰਕਾਰ 'ਤੇ ਦਬਾਅ ਪਾਵੇ।


Shyna

Content Editor

Related News