ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈ ਭਾਰਤੀ ਸ਼ਰਧਾਲੂ ਹੋਈ ਜ਼ਖਮੀ
Saturday, Dec 14, 2019 - 12:50 AM (IST)

ਡੇਰਾ ਬਾਬਾ ਨਾਨਕ,(ਵਤਨ) - ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈ ਇਕ ਸ਼ਰਧਾਲੂ ਮੀਂਹ ਦੇ ਕਾਰਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਹੋਈ ਤਿਲਕਣ ਕਾਰਣ ਡਿੱਗ ਕੇ ਜ਼ਖਮੀਂ ਹੋ ਗਈ। ਉਂਝ ਲਗਾਤਾਰ ਮੀਂਹ ਪੈਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ 35ਵੇਂ ਦਿਨ 438 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ।
ਜਾਣਕਾਰੀ ਮੁਤਾਬਕ ਖਰੜ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਈ ਸ਼ਰਧਾਲੂ ਬੀਬੀ ਭਜਨ ਕੌਰ ਮੀਂਹ ਕਾਰਣ ਗੁਰਦੁਆਰਾ ਕੰਪਲੈਕਸ ਵਿਖੇ ਤਿਲਕ ਗਈ, ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਭਾਰਤੀ ਸਰਹੱਦ ਦੀ ਜ਼ੀਰੋ ਲਾਈਨ ਤੱਕ ਪਹੁੰਚਾਇਆ ਗਿਆ ਅਤੇ ਬੀ. ਐੱਸ. ਐੱਫ. ਵੱਲੋਂ ਜ਼ਖਮੀ ਸ਼ਰਧਾਲੂ ਨੂੰ ਕਰਤਾਰਪੁਰ ਸਾਹਿਬ ਟਰਮੀਨਲ ਵਿਖੇ ਲਿਆਂਦਾ ਗਿਆ ਅਤੇ ਕਰਤਾਰਪੁਰ ਸਾਹਿਬ ਟਰਮੀਨਲ 'ਤੇ ਤਾਇਨਾਤ ਸਿਹਤ ਕਰਮਚਾਰੀਆਂ ਵੱਲੋਂ 108 ਐਂਬੂਲੈਂਸ ਰਾਹੀਂ ਜ਼ਖਮੀ ਸ਼ਰਧਾਲੂ ਬੀਬੀ ਨੂੰ ਤੁਰੰਤ ਡੇਰਾ ਬਾਬਾ ਨਾਨਕ ਸਥਿਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪਤਾ ਲੱਗਾ ਕਿ ਉਸ ਦੀ ਖੱਬੀ ਬਾਂਹ ਅਤੇ ਚੂਲੇ 'ਤੇ ਸੱਟ ਲੱਗੀ ਹੈ, ਜਿਸ ਦਾ ਇਲਾਜ ਕਰ ਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ।