ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਭਾਰਤੀ ਸਿਸਟਮ ਤੋਂ ਨਾਰਾਜ਼

Saturday, Nov 23, 2019 - 01:12 AM (IST)

ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਭਾਰਤੀ ਸਿਸਟਮ ਤੋਂ ਨਾਰਾਜ਼

ਜਲੰਧਰ, (ਬੁਲੰਦ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੰਗਤ ਲਈ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਬਣਾਏ ਗਏ ਕੋਰੀਡੋਰ ਕਾਰਣ ਸਿੱਖਾਂ ਦੀ ਖੁਸ਼ੀ 7ਵੇਂ ਆਸਮਾਨ 'ਤੇ ਸੀ ਤੇ ਸਿੱਖ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਸ਼ੁਕਰਾਨਾ ਕਰਦੇ ਨਹੀਂ ਸਨ ਥੱਕ ਰਹੇ ਪਰ ਕੋਰੀਡੋਰ ਖੁੱਲ੍ਹਣ ਦੇ ਕੁਝ ਹੀ ਦਿਨਾਂ ਵਿਚ ਸਿੱਖਾਂ ਨੂੰ ਸਾਰੇ ਮਾਮਲੇ ਵਿਚ ਭਾਰੀ ਨਿਰਾਸ਼ਾ ਹੱਥ ਲੱਗੀ ਹੈ। ਪਾਕਿਸਤਾਨ ਦੇ ਇਸ ਗੁਰਦੁਆਰੇ ਦੇ ਦਰਸ਼ਨ ਕਰ ਕੇ ਪਰਤੇ ਸਿੱਖ ਸ਼ਰਧਾਲੂਆਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਸ ਸਫਰ ਵਿਚ ਭਾਰਤੀ ਸਾਈਡ ਤੋਂ ਭਾਰੀ ਨਾਰਾਜ਼ਗੀ ਹੈ। ਜਿੱਥੇ ਪਾਕਿਸਤਾਨ ਤੋਂ ਭਾਰਤ ਜਾਣ ਵਾਲੇ ਸਿੱਖਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਉਥੇ ਭਾਰਤ ਵਾਲੀ ਸਾਈਡ 'ਤੇ ਆਪਣੇ ਹੀ ਦੇਸ਼ ਦੀਆਂ ਏਜੰਸੀਆਂ ਤੇ ਫੋਰਸ ਵਲੋਂ ਸਿੱਖ ਸੰਗਤ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਉਹ ਕੋਈ ਅਪਰਾਧੀ ਹੋਣ।

ਪਾਸਪੋਰਟ, 20 ਡਾਲਰ ਫੀਸ ਤੇ ਭਾਰੀ ਚੈਕਿੰਗ ਤੋਂ ਸਿੱਖ ਨਾਰਾਜ਼
ਸੰਗਤਾਂ ਦੀ ਮੰਨੀਏ ਤਾਂ ਅਨੇਕਾਂ ਸਿੱਖ ਸ਼ਰਧਾਲੂ ਜੋ ਕੋਰੀਡੋਰ ਵੇਖਣ ਆਉਂਦੇ ਹਨ, ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਪਾਸਪੋਰਟ ਨਾ ਹੋਣ ਕਾਰਣ ਕਰ ਹੀ ਨਹੀਂ ਪਾਉਂਦੇ। ਇਸ ਦੇ ਨਾਲ ਹੀ ਸੰਗਤ ਨੂੰ ਇਕ ਹੋਰ ਮੁਸ਼ਕਲ ਜੋ ਸਭ ਤੋਂ ਵੱਧ ਆ ਰਹੀ ਹੈ ਉਹ ਹੈ ਭਾਰਤੀ ਸਾਈਡ ਵਲੋਂ ਚੈਕਿੰਗ। ਸਿੱਖ ਸ਼ਰਧਾਲੂਆਂ ਦੀ ਮੰਨੀਏ ਤਾਂ ਭਾਰਤ ਵਲੋਂ ਸਿੱਖ ਸੰਗਤ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਕਿ ਸਿੱਖ ਸੰਗਤ ਭਾਰਤ ਦੀ ਨਾਗਰਿਕ ਨਾ ਹੋ ਕੇ ਪਾਕਿਸਤਾਨੀ ਨਾਗਰਿਕ ਹੋਵੇ। ਸਿੱਖਾਂ ਦੇ ਕਈ ਵਾਰ ਫਿੰਗਰ ਪ੍ਰਿੰਟ ਕਰਵਾਏ ਜਾਂਦੇ ਹਨ, ਕਈ ਵਾਰ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੁੱਤਿਆਂ ਤੱਕ ਕੋਲੋਂ ਸੁੰਘਵਾ ਕੇ ਕਰਵਾਈ ਜਾ ਰਹੀ ਹੈ। ਕਈ ਵਾਰ ਸੰਗਤ ਦੇ ਬੈਗਾਂ ਵਿਚ ਪ੍ਰਸ਼ਾਦ ਜਾਂ ਧਾਰਮਿਕ ਚਿੰਨ੍ਹ ਹੁੰਦੇ ਹਨ, ਜਿਨ੍ਹਾਂ ਦੀ ਕੁੱਤਿਆਂ ਨੂੰ ਸੁੰਘਾਉਣ ਦੌਰਾਨ ਬੇਅਦਬੀ ਹੁੰਦੀ ਹੈ।

ਸਿੱਖਾਂ ਨੂੰ ਕੋਰੀਡੋਰ ਦੇ ਨਾਂ 'ਤੇ ਬੇਇਜ਼ੱਤ ਕੀਤਾ ਜਾਣਾ ਸਹੀ ਨਹੀਂ
ਮਾਮਲੇ ਬਾਰੇ ਸਿੱਖ ਸੇਵਕ ਸੋਸਾਇਟੀ ਦੇ ਆਗੂ ਪਰਮਿੰਦਰਪਾਲ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਸਿੱਖਾਂ ਨੂੰ ਕੋਰੀਡੋਰ ਦੇ ਨਾਂ 'ਤੇ ਬੇਇਜ਼ੱਤ ਕਰਨਾ ਸਹੀ ਨਹੀਂ ਹੈ। ਸਰਕਾਰ ਨੂੰ ਸਿੱਖਾਂ ਦਾ ਪੂਰਾ ਆਦਰ ਸਨਮਾਨ ਦੇਣਾ ਚਾਹੀਦਾ ਹੈ। ਗੈਰ ਲੋੜੀਂਦੀ ਚੈਕਿੰਗ ਤੇ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰ ਕੇ ਰੱਦ ਕਰਵਾਉਣੀ ਚਾਹੀਦੀ ਹੈ।

ਪਹਿਲਾਂ ਹੀ ਸਿੱਖ ਕਰਤਾਰਪੁਰ ਘੱਟ ਜਾ ਰਹੇ ਹਨ : ਬੀਬੀ ਜਗੀਰ ਕੌਰ
ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਕ ਤਾਂ ਵੈਸੇ ਹੀ ਪਾਸਪੋਰਟ ਤੇ ਹੋਰ ਪ੍ਰੇਸ਼ਾਨੀਆਂ ਕਾਰਣ ਸਿੱਖ ਕੋਰੀਡੋਰ ਵੇਖਣ ਘੱਟ ਜਾ ਰਹੇ ਹਨ ਦੂਜਾ ਜੇਕਰ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਚੈਕਿੰਗ ਦੇ ਨਾਂ 'ਤੇ ਪ੍ਰੇਸ਼ਾਨ ਕਰਦੀਆਂ ਰਹਿਣਗੀਆਂ ਤਾਂ ਅਜਿਹੇ 'ਚ ਸਿੱਖਾਂ ਦਾ ਕੋਰੀਡੋਰ ਪ੍ਰਤੀ ਉਤਸ਼ਾਹ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਤੁਰੰਤ ਹੁਕਮ ਜਾਰੀ ਕਰਨੇ ਚਾਹੀਦੇ ਹਨ।


Related News