ਕਰਤਾਰਪੁਰ ਸਾਹਿਬ ਜਾਣ ਲਈ ਬਿਨਾਂ ਪਾਸਪੋਰਟ ਨਹੀਂ ਹੋ ਰਹੀ ਰਜਿਸਟਰੇਸ਼ਨ
Wednesday, Nov 06, 2019 - 10:05 AM (IST)
ਬਠਿੰਡਾ (ਵੈੱਬ ਡੈਸਕ) : ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਮੰਗਲਵਾਰ ਨੂੰ ਵੀ ਦੁਵਿਧਾ ਵਿਚ ਫਸੇ ਰਹੇ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੀ ਉਹ ਕੀ ਕਰਨ। ਪਾਕਿਸਤਾਨ ਸਰਕਾਰ ਵੱਲੋਂ ਬੇਸ਼ੱਕ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕਾਂ ਲਈ ਪਾਸਪੋਰਟ ਹੋਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਪਰ ਪੰਜਾਬ ਦੇ ਸੇਵਾ ਕੇਂਦਰਾਂ ਵਿਚ ਬਿਨਾਂ ਪਾਸਪੋਰਟ ਰਜਿਸਟਰੇਸ਼ਨ ਨਹੀਂ ਹੋ ਰਹੀ। ਇਸ ਨਾਲ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਸੇਵਾ ਕੇਂਦਰਾਂ ਦੇ ਮੁਲਜ਼ਮ ਪਾਸਪੋਰਟ ਦੇ ਬਿਨਾਂ ਰਜਿਸਟਰੇਸ਼ਨ ਲਈ ਤਿਆਰ ਨਹੀਂ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਦਾ ਸਾਫਟਵੇਅਰ ਅਪਡੇਟ ਨਹੀਂ ਹੋਇਆ। ਜਿਵੇਂ ਹੀ ਸਾਫਟਵੇਅਰ ਅਪਡੇਟ ਨੂੰ ਲੈ ਕੇ ਕੇਂਦਰ ਜਾਂ ਸੂਬਾ ਸਰਕਾਰ ਤੋਂ ਕੋਈ ਪੱਤਰ ਜਾਰੀ ਹੋਵੇਗਾ, ਉਹ ਬਿਨਾਂ ਪਾਸਪੋਰਟ ਦੇ ਵੀ ਰਜਿਸਟਰੇਸ਼ਨ ਕਰ ਦੇਣਗੇ। ਫਿਲਹਾਲ ਬਿਨਾਂ ਪਾਸਪੋਰਟ ਨੰਬਰ ਭਰੇ ਸਾਫਟਵੇਅਰ ਕੰਮ ਨਹੀਂ ਕਰਦਾ।
ਕਿਸ ਜ਼ਿਲੇ ਤੋਂ ਕਿੰਨੇ ਲੋਕਾਂ ਨੇ ਦਿੱਤੀ ਐਪਲੀਕੇਸ਼ਨ
- ਸੰਗਰੂਰ : 47
- ਪਟਿਆਲਾ : 20
- ਸ੍ਰੀ ਮੁਕਤਸਰ ਸਾਹਿਬ : 17
- ਬਠਿੰਡਾ : 7
- ਨਵਾਂਸ਼ਹਿਰ : 6
ਅਰਜ਼ੀ ਤੋਂ ਬਾਅਦ ਵੈਰੀਫਿਕੇਸ਼ਨ
ਰਜਿਸਟਰੇਸ਼ਨ ਤੋਂ ਬਾਅਦ ਬਿਨੈਕਾਰ ਨੂੰ ਮੈਸੇਜ ਜ਼ਰੀਏ ਮੋਬਾਇਲ 'ਤੇ ਫੀਡਬੈਕ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪੁਲਸ ਵੈਰੀਫਿਕੇਸ਼ਨ ਅਤੇ ਹੋਰ ਜ਼ਰੂਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 2 ਫਾਰਮ ਭਰਨੇ ਹਨ। ਇਕ ਦੇਸ਼ ਦੇ ਨਾਗਰਿਕਾਂ ਲਈ, ਦੂਜਾ ਐਨ.ਆਰ.ਆਈ. ਲਈ ਹੈ।
ਸ਼ਰਧਾਲੂਆਂ ਲਈ ਜਾਰੀ ਹੋਵੇਗਾ ਇਲੈਕਟ੍ਰਾਨਿਕ ਟਰੈਵਲ ਆਥਰਾਈਜੇਸ਼ਨ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਇਲੈਕਟ੍ਰਾਨਿਕ ਟਰੈਵਲ ਆਥਰਾਈਜੇਸ਼ਨ (ਈ.ਟੀ.ਏ.) ਜਾਰੀ ਕੀਤਾ ਜਾਏਗਾ। ਯਾਤਰਾ ਦੌਰਾਨ ਸ਼ਰਧਾਲੂ ਨੂੰ ਇਹ ਈ.ਟੀ.ਏ. ਆਪਣੇ ਨਾਲ ਰੱਖਣਾ ਹੋਵੇਗਾ। ਇਸ ਈ.ਟੀ.ਏ. ਵਿਚ ਸ਼ਰਧਾਲੂ ਨਾਲ ਸਬੰਧਤ ਸਾਰੀ ਜਾਣਕਾਰੀ ਹੋਵੇਗੀ। ਭਾਰਤ ਵੱਲੋਂ ਬਣਾਏ ਯਾਤਰੀ ਟਰਮੀਨਲ ਵਿਚ ਇਸ ਦੀ ਬਕਾਇਦਾ ਜਾਂਚ ਹੋਵੇਗੀ। ਜ਼ੀਰੋ ਲਾਈਨ ਤੋਂ ਅੱਗੇ ਸਖਤ ਸੁਰੱਖਿਆ ਵਿਚਾਲੇ ਪਾਕਿਸਤਾਨੀ ਰੇਂਜਰ ਬੱਸਾਂ ਵਿਚ ਸ਼ਰਧਾਲੂਆਂ ਨੂੰ ਅੱਗੇ ਲੈ ਕੇ ਜਾਣਗੇ। ਪਾਕਿਸਤਾਨ ਦੇ ਮੁੱਖ ਟਰਮੀਨਲ ਵਿਚ ਤੀਰਥ ਯਾਤਰੀਆਂ ਦੇ ਪਛਾਣ ਪੱਤਰਾਂ ਦੀ ਜਾਂਚ ਹੋਵੇਗੀ।