ਸਿੱਖ ਭਾਈਚਾਰੇ ਦੀ ਉਡੀਕ ਖਤਮ, ਅੱਜ ਹੋਵੇਗਾ 'ਕਰਤਾਰਪੁਰ ਲਾਂਘੇ' ਦਾ ਉਦਘਾਟਨ

11/09/2019 8:31:09 AM

ਡੇਰਾ ਬਾਬਾ ਨਾਨਕ (ਵੈੱਬ ਡੈਸਕ) : ਸ੍ਰੀ ਕਰਤਾਰਪੁਰ ਸਾਹਿਬ ਲਈ ਬਣ ਰਹੇ ਲਾਂਘੇ ਦਾ ਡੇਰਾ ਬਾਬਾ ਨਾਨਕ 'ਚ ਉਦਘਾਟਨ 9 ਨਵੰਬਰ ਭਾਵ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।

ਪੀ.ਐੱਮ ਮੋਦੀ ਦਾ ਰੂਟ ਪਲਾਨ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 9 ਕੁ ਵਜੇ ਦੇ ਕਰੀਬ ਸੁਲਤਾਲਪੁਰ ਲੋਧੀ ਜਾਣਗੇ, ਜਿਥੇ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣਗੇ।
  • 10 ਵੱਜ ਕੇ 30 ਮਿੰਟ 'ਤੇ ਪੀ.ਐਮ. ਮੋਦੀ ਬੀ.ਐੱਸ.ਐੱਫ. ਦੇ ਹੈਡਕੁਆਟਰ, ਜੋ ਸ਼ਿਕਾਰ ਮਾਸ਼ੀਆਂ ਪਿੰਡ 'ਚ ਸਥਿਤ ਹੈ, ਦੀ ਗਰਾਉਂਡ 'ਚ ਪ੍ਰਕਾਸ਼ ਪੁਰਬ ਦੇ ਸਬੰਧ 'ਚ ਰੱਖੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜਣਗੇ। ਇਹ ਪਿੰਡ ਡੇਰੇ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ।
  • ਸਮਾਗਮ ਤੋਂ ਬਾਅਦ ਦੁਪਹਿਰ ਕਰੀਬ 12 ਕੁ ਵਜੇ ਨਰਿੰਦਰ ਮੋਦੀ ਸੂਬਾ ਸਰਕਾਰ ਵਲੋਂ ਤਿਆਰ ਕੀਤੇ ਗਏ ਪੰਡਾਲ 'ਤੇ ਪੁੱਜਣਗੇ। ਇਸ ਥਾਂ 'ਤੇ ਵੱਖ-ਵੱਖ ਸਿਆਸੀ ਆਗੂਆਂ ਅਤੇ ਸੰਗਤਾਂ ਦੇ ਨਾਲ ਇਕ ਹੀ ਪੰਗਤ 'ਚ ਬੈਠ ਕੇ ਗੁਰੂ ਕਾ ਲੰਗਰ ਛਕਣਗੇ। ਇਸ ਥਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।  
  • ਇਸ ਤੋਂ ਬਾਅਦ 12 ਵੱਜ ਕੇ 15 ਮਿੰਟ 'ਤੇ ਨਰਿੰਦਰ ਮੋਦੀ ਜੀ ਆਈ.ਸੀ.ਪੀ. (ਇੰਟੀਗ੍ਰੇਟਡ ਚੈੱਕ ਪੋਸਟ) ਜਾਣਗੇ, ਜੋ ਕਿ ਭਾਰਤ ਸਰਕਾਰ ਵਲੋਂ ਕਰਤਾਰਪੁਰ ਕਾਰੀਡੋਰ ਦੀ ਜ਼ੀਰੋ ਲਾਈਨ 'ਤੇ ਬਣਾਈ ਗਈ ਹੈ। ਇਥੇ ਪਹੁੰਚਣ 'ਤੇ ਉਹ ਕਾਰੀਡੋਰ ਦਾ ਉਦਘਾਟਨ ਕਰਨਗੇ ਅਤੇ ਜਥਾ ਰਵਾਨਾ ਕਰਨਗੇ। ਇਸ ਜੱਥੇ 'ਚ ਪੰਜਾਬ ਦੇ ਮੁੱਖ ਮੰਤਰੀ ਸਣੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ।ਕਰਤਾਰਪੁਰ ਦੇ ਦਰਸ਼ਨਾਂ ਲਈ ਰੋਜ਼ਾਨਾ 5 ਹਜ਼ਾਰ ਭਾਰਤੀ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਲਈ ਆਉਣਗੇ।

 

ਇਸ ਲਾਂਘੇ ਦੇ ਖੋਲ੍ਹਣ ਲਈ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਏ ਹਨ। ਜੇਕਰ ਸ਼ਰਧਾਲੂ ਇਨ੍ਹਾਂ ਸ਼ਰਤਾਂ ਦਾ ਧਿਆਨ ਰੱਖਦੇ ਹਨ ਤਾਂ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਸਾਨੀ ਨਾਲ ਜਾ ਸਕਦੇ ਹਨ। ਇਸ ਤਰ੍ਹਾਂ ਹਨ ਸ਼ਰਤਾਂ...

  • ਸ਼ਰਧਾਲੂ ਆਪਣੇ ਨਾਲ ਵੱਧ ਤੋਂ ਵੱਧ 11 ਹਜ਼ਾਰ ਦੀ ਨਗਦੀ ਅਤੇ 7 ਕਿੱਲੋ ਵਜ਼ਨੀ ਬੈਗ ਹੀ ਲਿਜਾ ਸਕਣਗੇ।
  • ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਪਰ ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ, ਹਾਲਾਂਕਿ ਇਸ 'ਤੇ ਕੋਈ (ਵੀਜ਼ੇ ਦੀ) ਮੋਹਰ ਨਹੀਂ ਲੱਗੇਗੀ।
  • 13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ਵਿਚ ਹੀ ਯਾਤਰਾ ਕਰ ਸਕਣਗੇ।
  • ਯਾਤਰਾ ਮੌਕੇ ਵਾਤਾਵਰਨ ਪੱਖੀ ਸਮੱਗਰੀ ਜਿਵੇਂ ਕੱਪੜੇ ਦੇ ਬੈਗ ਨੂੰ ਹੀ ਤਰਜੀਹ ਦੇਣ ਦੀ ਹਦਾਇਤ ਹੈ।
  • ਤੇਜ਼ ਆਵਾਜ਼ 'ਚ ਸੰਗੀਤ ਚਲਾਉਣ ਤੇ ਹੋਰ ਤਸਵੀਰਾਂ ਖਿੱਚਣ ਦੀ ਨਹੀਂ ਹੋਵੇਗੀ ਇਜਾਜ਼ਤ।
  • ਯਾਤਰੂਆਂ ਨੂੰ ਇਕੱਲੇ ਜਾਂ ਗਰੁੱਪ ਵਿਚ ਅਤੇ ਤੁਰ ਕੇ ਜਾਣ ਦੀ ਖੁੱਲ੍ਹ ਹੋਵੇਗੀ।
  • ਲਾਂਘਾ ਰੋਜ਼ ਸਵੇਰੇ ਖੁੱਲ੍ਹੇਗਾ ਤਾਂ ਸ਼ਰਧਾਲੂਆਂ ਨੂੰ ਸ਼ਾਮ ਤੱਕ ਹਰ ਹਾਲ ਵਿਚ ਵਾਪਸ ਆਉਣਾ ਹੋਵੇਗਾ।
  • ਯਾਤਰੂਆਂ ਲਈ ਲੰਗਰ ਤੇ ਪ੍ਰਸਾਦ ਦਾ ਪ੍ਰਬੰਧ ਪਾਕਿਸਤਾਨ ਹੀ ਕਰੇਗਾ।
  • ਤਜਵੀਜ਼ਤ ਯਾਤਰਾ ਤੋਂ 10 ਦਿਨ ਪਹਿਲਾਂ ਭਾਰਤ ਸਬੰਧਤ ਸ਼ਰਧਾਲੂਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ।
  • ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਹੀ ਯਾਤਰਾ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।  
  • ਇਸ ਤੋਂ ਇਲਾਵਾ ਤੀਰਥ ਯਾਤਰਾ ਲਈ ਸ਼ਰਧਾਲੂ ਨੂੰ 20 ਡਾਲਰ ਫੀਸ ਅਦਾ ਕਰਨੀ ਪਵੇਗੀ।

ਕੀ ਹੈ ਕਰਤਾਰਪੁਰ ਲਾਂਘਾ?
ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿਚ ਕਰੀਬ 4 ਕਿਲੋਮੀਟਰ ਅੰਦਰ ਹੈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ। ਇਸ ਗੁਰਦੁਆਰੇ ਸਬੰਧੀ ਲਾਂਘੇ ਨੂੰ ਖੋਲ੍ਹੇ ਜਾਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਹੁਣ ਓਹੀ ਮੰਗ ਪੂਰੀ ਹੋ ਰਹੀ ਹੈ ਅਤੇ ਲਾਂਘਾ ਖੁੱਲਣ ਜਾ ਰਿਹਾ ਹੈ। ਹੁਣ ਇਸ ਲਾਂਘੇ ਜ਼ਰੀਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।


cherry

Content Editor

Related News