ਕਰਤਾਰਪੁਰ ਲਾਂਘੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Tuesday, Aug 11, 2020 - 05:25 PM (IST)
ਚੰਡੀਗੜ੍ਹ-ਕੋਰੋਨਾ ਵਾਇਰਸ ਕਰਕੇ ਮਾਰਚ ਮਹੀਨੇ ਤੋਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਜੋ ਅੱਜ ਤੱਕ ਵੀ ਬੰਦ ਹੈ, ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਤੋਂ ਜਲਦ ਖੋਲ੍ਹਿਆ ਜਾਵੇ। ਇਸ ਬਾਬਤ ਜਾਣਕਾਰੀ ਸੁਖਪਾਲ ਖਹਿਰਾ ਨੇ ਫੇਸਬੁੱਕ ਤੇ ਲਾਇਵ ਹੋ ਕੇ ਦਿੱਤੀ। ਖਹਿਰਾ ਨੇ ਕਿਹਾ ਕਿ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਆਪ ਪ੍ਰਧਾਨ ਮੰਤਰੀ ਕੋਲੋਂ ਇਹ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਜੋ ਅਹਿਮੀਅਤ ਇਕ ਮੁੱਖ ਮੰਤਰੀ ਦੀ ਆਵਾਜ਼ ਨੂੰ ਮਿਲਦੀ ਹੈ ਉਹ ਐਮ.ਐਲ.ਏ . ਦੀ ਆਵਾਜ਼ ਨੂੰ ਨਹੀਂ।ਜ਼ਿਕਰਯੋਗ ਹੈ ਕਿ ਤਾਲਾਬੰਦੀ ਕਾਰਨ ਮਾਰਚ ਮਹੀਨੇ ਤੋਂ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ।ਇਸ ਸਮੇਂ ਭਾਰਤ ਵਿੱਚ ਅਨਲਾਕ ਦੀ ਪ੍ਰਕਿਰਿਆ ਚਲ ਰਹੀ ਹੈ ਜਿਸ ਅਧੀਨ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ।ਸੁਖਪਾਲ ਸਿੰਘ ਖਹਿਰਾ ਨੇ 5 ਅਗਸਤ ਨੂੰ ਰਾਮ ਮੰਦਰ ਦੀ ਨੀਂਹ ਰੱਖੇ ਜਾਣ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਹੁਣ ਸਮਾਂ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਲਈ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ। ਪਾਕਿਸਤਾਨ ਵਲੋਂ 29 ਜੂਨ ਨੂੰ ਹੀ ਇਹ ਲਾਂਘਾ ਖੋਲ੍ਹ ਦਿੱਤਾ ਗਿਆ ਸੀ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਚਾਹੇ ਤਾਂ 25-30 ਦੀ ਗਿਣਤੀ ਦੇ ਜੱਥੇ ਦਰਸ਼ਨਾਂ ਲਈ ਭੇਜੇ ਜਾ ਸਕਦੇ ਹਨ।ਰੋਜ਼ਾਨਾ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 500 ਤੱਕ ਸੀਮਤ ਕੀਤੀ ਜਾ ਸਕਦੀ ਹੈ।
ਇਸ ਮਾਮਲੇ ਸਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਮਸਲਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਲਾਂਘਾ ਖੁੱਲ੍ਹਣ ਵਿੱਚ ਉਸਦਾ ਵੀ ਵੱਡਾ ਹੱਥ ਹੈ। ਉਹਨਾਂ ਦੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਨਾਲ ਚੰਗੇ ਸਬੰਧ ਹੋਣ ਕਰਕੇ ਹੀ ਇਹ ਸਭ ਹੋ ਪਾਇਆ ਹੈ ਅਤੇ ਇਸ ਸਮੇਂ ਵੀ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।