ਕਰਤਾਰਪੁਰ ਲਾਂਘਾ ਖੋਲ੍ਹਣਾ ਸ਼ਾਂਤੀ ਪ੍ਰਤੀ ਪਾਕਿ ਦੀ ਪ੍ਰਤੀਬੱਧਤਾ ਦਾ ਸਬੂਤ : ਇਮਰਾਨ

11/10/2019 8:32:57 AM

ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਤਿਹਾਸਕ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਖੋਲ੍ਹਣਾ ਖੇਤਰੀ ਸ਼ਾਂਤੀ ਬਣਾਈ ਰੱਖਣ ਵਿਚ ਪਾਕਿਸਤਾਨ ਦੀ ਪ੍ਰਤੀਬੱਧਤਾ ਦਾ ਸਬੂਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਇਹ ਲਾਂਘਾ ਭਾਰਤ ਦੇ ਪੰਜਾਬ ਵਿਚ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਨਾਰੋਵਾਲ ਜ਼ਿਲੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੂੰ ਜੋੜਦਾ ਹੈ। ਇਹ ਗੁਰਦੁਆਰਾ ਸਾਹਿਬ ਰਾਵੀ ਨਦੀ ਦੇ ਪਾਰ ਸਥਿਤ ਹੈ ਅਤੇ ਡੇਰਾ ਬਾਬਾ ਨਾਨਕ ਤੋਂ ਲਗਭਗ 4 ਕਿਲੋਮੀਟਰ ਦੂਰ ਹੈ।

ਲਾਂਘੇ ਨੂੰ ਖੋਲ੍ਹਣ ਮੌਕੇ ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਖੇਤਰ ਦੀ ਖੁਸ਼ਹਾਲੀ ਦਾ ਰਸਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਸੁਨਹਿਰੀ ਭਵਿੱਖ ਸ਼ਾਂਤੀ ਵਿਚ ਨਹਿਤ ਹੈ।'' ਸਰਕਾਰੀ ਰੇਡੀਓ ਪਾਕਿਸਤਾਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ''ਅੱਜ ਅਸੀਂ ਕੇਵਲ ਸਰਹੱਦ ਨਹੀਂ ਖੋਲ੍ਹ ਰਹੇ ਸਗੋਂ ਸਿੱਖ ਭਾਈਚਾਰੇ ਲਈ ਆਪਣੇ ਦਿਲਾਂ ਨੂੰ ਵੀ ਖੋਲ੍ਹ ਰਹੇ ਹਾਂ।''

ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਦਿਖਾਈ ਗਈ ਸਦਭਾਵਨਾ ਦੀ ਮੂਲ ਭਾਵਨਾ ਬਾਬਾ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਲਈ ਉਨ੍ਹਾਂ ਦੇ ਡੂੰਘੇ ਸਨਮਾਨ ਨੂੰ ਦਰਸਾਉਂਦੀ ਹੈ। ਖਬਰ ਅਨੁਸਾਰ ਖਾਨ ਨੇ ਇਸ ਇਤਿਹਾਸਕ ਦਿਨ 'ਤੇ ਸਰਹੱਦ ਦੇ ਦੋਵੇਂ ਪਾਸੇ ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਭਾਈਚਾਰਕ ਸਾਂਝ ਤੇ ਸ਼ਾਂਤੀ ਨਾਲ ਰਹਿਣ ਨਾਲ ਇਸ ਉਪ ਮਹਾਦੀਪ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਮੁਸਲਮਾਨ ਧਾਰਮਕ ਅਸਥਾਨਾਂ ਅਤੇ ਪ੍ਰਾਰਥਨਾ ਵਾਲੀਆਂ ਥਾਵਾਂ ਦੀ ਪਵਿੱਤਰਤਾ ਅਤੇ ਵੱਕਾਰ ਦਾ ਸਨਮਾਨ ਕਰਦੇ ਹਨ।

ਭਾਰਤ ਦੇ ਸਿੱਖ ਸ਼ਰਧਲੂ ਸ਼ਨੀਵਾਰ ਨੂੰ ਬੜੇ ਚਿਰਾਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਵਿਚ ਇਮੀਗ੍ਰੇਸ਼ਨ ਲਈ ਜ਼ੀਰੋ ਪੁਆਇੰਟ 'ਤੇ ਪਹੁੰਚੇ। ਏ. ਆਈ. ਵਾਈ. ਨਿਊਜ਼ ਅਨੁਸਾਰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਸਰਹੱਦੀ ਟਰਮੀਨਲ 'ਤੇ ਪਹੁੰਚ ਗਿਆ ਤੇ ਸ਼ਾਂਤੀਪੂਰਵਕ ਢੰਗ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਵਿਚੋਂ ਲੰਘਿਆ। ਪਾਕਿਸਤਾਨ ਨੇ ਇਮੀਗ੍ਰੇਸ਼ਨ ਲਈ 76 ਕਾਊਂਟਰ ਬਣਾਏ ਹਨ। ਉਸ ਨੇ ਦੱਸਿਆ ਕਿ ਪਾਕਿਸਤਾਨ ਨੇ ਸ਼ਨੀਵਾਰ ਅਤੇ 12 ਨਵੰਬਰ ਨੂੰ 20 ਡਾਲਰ ਦੀ ਸੇਵਾ ਫੀਸ ਅਤੇ ਪਾਸਪੋਰਟ ਦੀ ਲਾਜ਼ਮੀਅਤਾ ਨੂੰ ਰੱਦ ਕਰ ਦਿੱਤਾ ਹੈ।


cherry

Content Editor

Related News