ਕਪੂਰਥਲਾ ਪੁਲਸ ਨੇ ਫਾਇਰਿੰਗ ਦੇ ਦੋ ਮਾਮਲੇ ਸੁਲਝਾਏ, 2 ਗ੍ਰਿਫ਼ਤਾਰ

Thursday, Aug 20, 2026 - 04:51 PM (IST)

ਕਪੂਰਥਲਾ ਪੁਲਸ ਨੇ ਫਾਇਰਿੰਗ ਦੇ ਦੋ ਮਾਮਲੇ ਸੁਲਝਾਏ, 2 ਗ੍ਰਿਫ਼ਤਾਰ

ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)-ਕਪੂਰਥਲਾ ਪੁਲਸ ਨੇ ਕਸਬਾ ਕਾਲਾ ਸੰਘਿਆ ਵਿਚ ਇਕ ਦੁਕਾਨ ’ਤੇ ਫਾਇਰਿੰਗ ਅਤੇ ਸੁਲਤਾਨਪੁਰ ਲੋਧੀ ਖੇਤਰ ਵਿਚ ਇਕ ਨੌਜਵਾਨ ’ਤੇ ਹੋਏ ਕਾਤਲਾਨਾ ਹਮਲੇ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋਵਾਂ ਮਾਮਲਿਆਂ ਨੂੰ ਸੁਲਝਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ.) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 8 ਅਗਸਤ 2026 ਨੂੰ ਪਿੰਡ ਕਾਲਾ ਸੰਘਿਆ ਵਿਚ ਲੂੰਬਾ ਹੈਂਡਲੂਮ ਦੀ ਦੁਕਾਨ ’ਤੇ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਮੁਲਜ਼ਮਾਂ ਨੇ ਰਾਤ 1 ਵਜੇ ਦੇ ਕਰੀਬ ਫਾਇਰਿੰਗ ਕੀਤੀ ਸੀ। ਘਟਨਾ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਕੁਲਦੀਪ ਕੁਮਾਰ ਲੂੰਬਾ ਪੁੱਤਰ ਸੁਭਾਸ਼ ਚੰਦਰ ਲੂੰਬਾ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ:  ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ
ਐੱਸ. ਪੀ. (ਡੀ.) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਆਪਣੀ ਨਿਗਰਾਨੀ ਹੇਠ ਇਕ ਵਿਸ਼ੇਸ਼ ਟੀਮ ਬਣਾਈ, ਜਿਸ ’ਚ ਡੀ. ਐੱਸ. ਪੀ. (ਸਬ ਡਿਵੀਜ਼ਨ) ਡਾ. ਸ਼ੀਤਲ ਸਿੰਘ, ਡੀ. ਐੱਸ. ਪੀ. (ਐੱਨ. ਡੀ. ਪੀ. ਐੱਸ.) ਕਪੂਰਥਲਾ ਸੁਖਪਾਲ ਸਿੰਘ, ਜੋ ਅੱਜਕਲ੍ਹ ਡੀ. ਐੱਸ. ਪੀ. (ਡੀ.) ਦਾ ਚਾਰਜ ਸੰਭਾਲ ਰਹੇ ਹਨ, ਨੂੰ ਜਾਂਚ ਦੇ ਹੁਕਮ ਦਿੱਤੇ। ਜਿਸ ’ਤੇ ਕੰਮ ਕਰਦੇ ਹੋਏ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ, ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਮੇਜਰ ਸਿੰਘ, ਚੌਂਕੀ ਇੰਚਾਰਜ ਕਾਲਾ ਸੰਘਿਆ ਅਮਰਜੀਤ ਸਿੰਘ ਤੇ ਟੈਕਨੀਕਲ ਸੈੱਲ ਦੇ ਇੰਚਾਰਜ ਚਰਨਜੀਤ ਸਿੰਘ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁਲਜਮਾਂ ਦੀ ਪਹਿਚਾਣ ਕਰ ਲਈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, BBMB ਦੀ ਵੱਡੀ ਚਿਤਾਵਨੀ
ਇਸ ਦੌਰਾਨ ਇਕ ਮੁਲਜ਼ਮ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ਾਹਲੇ ਚੱਕ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਸ਼ਿਕਾਇਤ ਕਰਤਾ ਕੁਲਦੀਪ ਕੁਮਾਰ ਲੂੰਬਾ ਦਾ ਲੜਕਾ ਇੰਗਲੈਂਡ ਵਿਚ ਰਹਿੰਦਾ ਹੈ, ਉਸਦਾ ਕਰਨਦੀਪ ਸਿੰਘ ਉਰਫ਼ ਹੀਰਾ ਸਿੰਘ ਵਾਸੀ ਦੈਰੀਆਵਾਲ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨਾਲ ਪੈਸਿਆਂ ਦਾ ਲੈਣ ਦੇਣ ਬਕਾਇਆ ਸੀ, ਜਿਸ ਦੌਰਾਨ ਕਰਨਦੀਪ ਸਿੰਘ ਦੇ ਭਰਾ ਹਰਮਨਦੀਪ ਸਿੰਘ ਦੇ ਕਹਿਣ 'ਤੇ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਸਨ।

ਐੱਸ. ਪੀ. (ਡੀ.) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਦੂਜੇ ਮੁਲਜ਼ਮ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ 16 ਅਗਸਤ 2026 ਨੂੰ ਸੁਖਦੀਪ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਸਰਦੂਲਪੁਰ ਥਾਣਾ ਕਬੀਰਪੁਰ ਜ਼ਿਲਾ ਕਪੂਰਥਲਾ 'ਤੇ ਜੋਬਨਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਮਿਆਣੀ ਬਹਾਦਰ ਥਾਣਾ ਸੁਲਤਾਨਪੁਰ ਲੋਧੀ, ਹਰਦੀਪ ਸਿੰਘ ਸੈਣੀ ਪੁੱਤਰ ਸੁਰਿੰਦਰ ਸਿੰਘ ਸੈਣੀ ਵਾਸੀ ਭੀਮ ਕਦੀਮ ਥਾਣਾ ਕਬੀਰਪੁਰ ਤੇ ਬਾਗਾ ਪੁੱਤਰ ਬਲਵਿੰਦਰ ਸਿੰਘ ਉਰਫ਼ ਬਿੰਦਾ ਵਾਸੀ ਬੰਦੂ ਕਦੀਮ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਨੇ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਮਾਰ ਦੇਣ ਦੀ ਨੀਅਤ ਨਾਲ ਗੋਲ਼ੀਆਂ ਚਲਾਈਆਂ ਸਨ, ਇਸ ਨੂੰ ਲੈ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ।
ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਨੂੰ ਹੱਲ ਕਰਦੇ ਹੋਏ ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮਿਆਣੀ ਬਹਾਦਰ ਥਾਣਾ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਪੁੱਛਗਿੱਛ ਤੋਂ ਬਾਅਦ ਵਾਰਦਾਤ ’ਚ ਸ਼ਾਮਲ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਿਆਣੀ ਬਹਾਦਰ ਥਾਣਾ ਕਬੀਰਪੁਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ। ਮੁਲਜਮ ਦੀ ਨਿਸ਼ਾਨਦੇਹੀ ’ਤੇ ਇੱਕ 32 ਬੋਰ ਦਾ ਰਿਵਾਲਵਰ ਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਮੌਕੇ ਐੱਸ. ਪੀ. (ਡੀ.) ਹਰਿੰਦਰ ਸਿੰਘ ਗਿੱਲ ਦੇ ਨਾਲ ਏ. ਐੱਸ. ਪੀ. ਸੁਲਤਾਨਪੁਰ ਲੋਧੀ ਧਰਿੰਦਰ ਵਰਮਾ, ਡੀ. ਐੱਸ. ਪੀ. (ਸਬ-ਡਿਵੀਜ਼ਨ) ਕਪੂਰਥਲਾ ਡਾ. ਸ਼ੀਤਲ ਸਿੰਘ, ਸੀ. ਆਈ. ਏ. ਕਪੂਰਥਲਾ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਸਮੇਤ ਕਈ ਪੁਲਸ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News