ਕਪੂਰਥਲਾ ਜ਼ਿਲ੍ਹੇ ''ਚ 48 ਘੰਟਿਆਂ ’ਚ ਕੋਰੋਨਾ ਕਾਰਣ 8 ਦੀ ਮੌਤ, 256 ਨਵੇਂ ਮਾਮਲੇ
Tuesday, Mar 30, 2021 - 10:50 PM (IST)
ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਵਾਇਰਸ ਪ੍ਰਤੀ ਜ਼ਿਲੇ ’ਚ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਵੱਡੀ ਗਿਣਤੀ ’ਚ ਵਧ ਰਹੇ ਕੇਸਾਂ ਨੂੰ ਧਿਆਨ ’ਚ ਰੱਖਦਿਆ ਸਰਕਾਰ ਵੀ ਪਾਬੰਦੀਆਂ ਵਧਾਉਣ ਲਈ ਮਜਬੂਰ ਹੋ ਗਈ ਹੈ। ਜੇਕਰ ਇਸੇ ਤਰ੍ਹਾਂ ਕੇਸਾਂ ਦੀ ਗਿਣਤੀ ਵਧਦੀ ਰਹੀ ਤਾਂ ਦੁਬਾਰਾ ਲਾਕਡਾਊਨ ਲਗਾਉਣ ਦੀ ਨੌਬਤ ਨਾ ਆ ਜਾਵੇ।
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ 48 ਘੰਟਿਆਂ ’ਚ ਕੋਰੋਨਾ ਨਾਲ 8 ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ’ਚ 73 ਸਾਲਾ ਪੁਰਸ਼ ਵਾਸੀ ਪਿੰਡ ਲਿਟਾਂ, ਭੁਲੱਥ, 45 ਸਾਲਾ ਔਰਤ ਵਾਸੀ ਪਿੰਡ ਬੀੜ ਟੰਡੋਲੀ ਬਲਾਕ ਪਾਂਛਟ, 61 ਸਾਲਾ ਪੁਰਸ਼ ਵਾਸੀ ਪਿੰਡ ਸਰੂਪਵਾਲ, 67 ਸਾਲਾ ਪੁਰਸ਼ ਵਾਸੀ ਫਗਵਾੜਾ, 75 ਸਾਲਾ ਪੁਰਸ਼ ਵਾਸੀ ਪਿੰਡ ਢੱਕ ਪੰਡੋਰੀ ਫਗਵਾੜਾ, 69 ਸਾਲਾ ਪੁਰਸ਼ ਵਾਸੀ ਪਿੰਡ ਰਾਮਪੁਰ ਜਗੀਰ, 73 ਸਾਲਾ ਔਰਤ ਵਾਸੀ ਪਿੰਡ ਨਰੰਗਸ਼ਾਹਪੁਰ, ਫਗਵਾੜਾ ਤੇ 83 ਸਾਲਾ ਔਰਤ ਵਾਸੀ ਫਗਵਾੜਾ ਸ਼ਾਮਲ ਹਨ। ਉੱਥੇ ਹੀ 256 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 345 ਦੇ ਠੀਕ ਹੋਣ ’ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਸਿਵਲ ਸਰਜਨ ਡਾ. ਸੀਮਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨੂੰ 48 ਘੰਟਿਆਂ ਦੌਰਾਨ ਜ਼ਿਲੇ ’ਚ 2264 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 393, ਫਗਵਾੜਾ ਤੋਂ 495, ਭੁਲੱਥ ਤੋਂ 172, ਸੁਲਤਾਨਪੁਰ ਲੋਧੀ ਤੋਂ 117, ਬੇਗੋਵਾਲ ਤੋਂ 190, ਢਿਲਵਾਂ ਤੋਂ 246, ਕਾਲਾ ਸੰਘਿਆਂ ਤੋਂ 152, ਫੱਤੂਢੀਂਗਾ ਤੋਂ 118, ਪਾਂਛਟਾ ਤੋਂ 218 ਤੇ ਟਿੱਬਾ ਤੋਂ 163 ਲੋਕਾਂ ਦੇ ਸੈਂਪਲ ਲਏ ਗਏ।
ਕੋਰੋਨਾ ਅਪਡੇਟ
ਕੁੱਲ ਮਾਮਲੇ8803
ਠੀਕ ਹੋਏ7600
ਐਕਟਿਵ ਮਾਮਲੇ951
ਕੁੱਲ ਮੌਤਾਂ252