‘ਕਪੂਰਥਲਾ ਰਨ ਫਾਰ ਵੋਟ-ਮਿੰਨੀ ਮੈਰਾਥਨ’ ’ਚ ਅੱਜ ਦੌਡ਼ ਲਾਉਣਗੇ ਕਪੂਰਥਲਾ ਵਾਸੀ
Sunday, Mar 31, 2019 - 04:49 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਚੋਣ ਪ੍ਰਕਿਰਿਆ ’ਚ ਜ਼ਿਲਾ ਵਾਸੀਆਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐੱਸ. ਖਰਬੰਦਾ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵਲੋਂ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ 31 ਮਾਰਚ ਨੂੰ ਕਰਵਾਈ ਜਾ ਰਹੀ ‘ਕਪੂਰਥਲਾ ਰਨ ਫਾਰ ਵੋਟ-ਮਿੰਨੀ ਮੈਰਾਥਨ, 2019’ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਇਸ ਵਿਸ਼ਾਲ ਈਵੈਂਟ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਡ਼ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਹਜ਼ਾਰਾਂ ਲੋਕ ਇਸ ਦੌਡ਼ ਵਿਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਐਵਾਰਡ ਜੇਤੂ ਖਿਡਾਰੀ, ਜ਼ਿਲੇ ਦੀਆਂ ਅਹਿਮ ਸ਼ਖਸੀਅਤਾਂ, ਬਜ਼ੁਰਗ, ਵਿਦਿਆਰਥੀ, ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਅਧਿਕਾਰੀ ਅਤੇ ਆਮ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਲੰਬੀ ਇਹ ਦੌਡ਼ 31 ਮਾਰਚ ਨੂੰ ਸਵੇਰੇ 6 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਚੋਂ ਗੁਜ਼ਰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੌਡ਼ ਦੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਤੋਂ ਇਲਾਵਾ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਕਪੂਰਥਲਾ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਦੌਡ਼ ਵਿਚ ਹੁੰਮ-ਹੁਮਾ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਦੀ ਸਹੂਲਤ ਲਈ ਚਾਹ-ਪਾਣੀ ਸਮੇਤ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐੱਸ. ਡੀ. ਐੱਮ. ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐੱਸ. ਪੀ. ਸੰਦੀਪ ਸਿੰਘ ਮੰਡ, ਜ਼ਿਲਾ ਖੇਡ ਅਫ਼ਸਰ ਸਤਿੰਦਰ ਜੀਤ ਕੌਰ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਭੂਸ਼ਨ ਗੋਇਲ, ਸਕੱਤਰ ਰੈੱਡ ਕਰਾਸ ਆਰ. ਸੀ. ਬਿਰਹਾ, ਡਿਪਟੀ ਡੀ. ਈ. ਓ. ਸਪਨਾ ਗੁਪਤਾ, ਟ੍ਰੈਫਿਕ ਇੰਚਾਰਜ ਇੰਸ. ਰਮੇਸ਼ ਲਾਲ, ਸਟੇਟ ਐਵਾਰਡੀ ਰੌਸ਼ਨ ਖੈਡ਼ਾ, ਐੱਸ. ਡੀ. ਓ. ਜਤਿੰਦਰ ਵਰਮਾ ਤੇ ਸ੍ਰੀ ਗੁਰਮੁਖ ਸਿੰਘ ਢੋਡ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।