ਸਿਆਸੀ ਆਗੂਆਂ ਨੂੰ ਫੌਜ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ : ਕਟਾਰੀਆ
Thursday, Mar 07, 2019 - 10:06 AM (IST)

ਕਪੂਰਥਲਾ (ਜ. ਬ.)-ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਕੁਝ ਸਿਆਸੀ ਦਲਾਂ ਤੇ ਉਨ੍ਹਾਂ ਦੇ ਆਗੂਆਂ ਵੱਲੋਂ ਸੁਰੱਖਿਆ ਦਲਾਂ ਖਾਸਕਰ ਭਾਰਤੀ ਫੌਜ ’ਤੇ ਸਿਆਸਤ ਕਰਨ ’ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਇਸਨੂੰ ‘ਗੰਦੀ ਸਿਆਸਤ’ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਰੱਖਿਆ ਜਵਾਨਾਂ ’ਤੇ ਸਿਆਸਤ ਸੁਆਰਥੀ, ਮੌਕਾਪ੍ਰਸਤ, ਸਿਰਫਿਰੇ ਜਾਂ ਬੁੱਧੀਹੀਣ ਆਗੂ ਹੀ ਕਰ ਸਕਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਫੌਜ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਦੀ ਭਾਰਤੀ ਸੈਨਾ ਦੇ ਪ੍ਰਤੀ ਬਿਆਨਬਾਜ਼ੀ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਉਹ ਪਾਕਿਸਤਾਨ ਦੇ ਸ਼ੁੱਭਚਿੰਤਕ ਹੋਣ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਰੱਖਿਆ ਜੁਆਨਾਂ ਵੱਲੋਂ ਸਡ਼ਕ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ’ਤੇ ਬਹਾਦੁਰੀ ਨਾਲ ਸੀਨਾ ਤਾਨ ਕੇ ਖਡ਼੍ਹੇ ਹੋਣ ਦੇ ਕਾਰਨ ਹੀ ਦੇਸ਼ ਤੇ ਜਨਤਾ ਦੇ ਜਾਨ ਤੇ ਮਾਲ ਦਾ ਇਕ ਵੱਡਾ ਹਿੱਸਾ ਸੁਰੱਖਿਅਤ ਰਹਿੰਦਾ ਹੈ। ਰਾਜੇਸ਼ ਕਨੌਜੀਆ (ਸ਼ੇਖੂਪੁਰ) ਨੇ ਕਿਹਾ ਕਿ ਕਿਸੇ ਵੀ ਸਿਆਸੀ ਦਲ ਤੇ ਆਗੂ ਨੂੰ ਅਜਿਹੀ ਤੱਥਹੀਣ, ਦਿਸ਼ਾਹੀਣ ਤੇ ਆਧਾਰਹੀਣ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸੁਰੱਖਿਆ ਜੁਆਨਾਂ ਦਾ ਹੌਸਲਾ ਡਿੱਗੇ, ਦੇਸ਼ ਤੇ ਮਾਨਵਤਾ ਦੇ ਦੁਸ਼ਮਣਾਂ ਦੇ ਹੱਥ ਲੰਬੇ ਤੇ ਮਜ਼ਬੂਤ ਹੋਣ।